ਬਠਿੰਡਾ ਅਦਾਲਤ ‘ਚ ਇਕ ਵਾਰ ਫਿਰ ਨਹੀਂ ਪੇਸ਼ ਹੋਏ ਸੁਨੀਲ ਜਾਖੜ ਤੇ ਸੋਨੀਆ ਗਾਂਧੀ

ਬਠਿੰਡਾ : ਬਠਿੰਡਾ ਦੇ ਸਿਵਲ ਲਾਈਨ ਕਲੱਬ ਵਿਚ ਬਣੀ ਗੁਰੂ ਨਾਨਕ ਹਾਲ ਐਂਡ ਲਾਈਬ੍ਰੇਰੀ ਨੂੰ ਬਾਹਰ ਕੱਢ ਕੇ ਉਥੇ ਕਾਂਗਰਸ ਪਾਰਟੀ ਦਾ ਜੋਨ ਦਫਤਰ ਬਣਾਉਣ ਦੇ ਮਾਮਲੇ ਵਿਚ ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਨੂੰ ਅੱਜ ਭਾਵ 11 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸੋਨੀਆ ਗਾਂਧੀ ਅਤੇ ਸੁਨੀਲ ਜਾਖੜ ਬਠਿੰਡਾ ਅਦਾਲਤ ਵਿਚ ਪੇਸ਼ ਨਹੀਂ ਹੋਏ, ਜਿਸ ਨੂੰ ਦੇਖਦੇ ਹੋਏ ਅਦਾਲਤ ਨੇ ਹੁਣ ਅਗਲੀ ਤਰੀਕ 8 ਨਵੰਬਰ ਤੈਅ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 6 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਅਤੇ ਉਦੋਂ ਵੀ ਇਹ ਪੇਸ਼ ਨਹੀਂ ਹੋਏ ਸਨ।
ਸ਼ਿਕਾਇਤਕਰਤਾ ਜਗਜੀਤ ਸਿੰਘ ਧਾਲੀਵਾਲ ਅਤੇ ਸ਼ਿਵਦੇਵ ਸਿੰਘ ਨੇ ਕਿਹਾ ਸੀ ਕਿ ਸੱਤਾਧਾਰੀ ਪਾਰਟੀ ਨਾਲ ਜੁੜੇ ਕੁਝ ਆਗੂਆਂ ਨੇ ਨਾਜਾਇਜ਼ ਤਰੀਕੇ ਨਾਲ ਕਲੱਬ ਦੀ ਚੋਣ ਕਰਵਾ ਕੇ ਉਸ ‘ਤੇ ਕਬਜ਼ਾ ਕਰ ਲਿਆ। ਹੁਣ ਕਬਜ਼ਾਧਾਰੀ ਉਥੇ ਦੁਬਾਰਾ ਮਾਈਸਖਾਨਾ ਬਣਾ ਕੇ ਸ਼ਰਾਬ ਮਾਸ ਦਾ ਸੇਵਨ ਸ਼ੁਰੂ ਕਰਨਾ ਚਾਹੁੰਦੇ ਹਨ। ਵਰਤਮਾਨ ਸਮੇਂ ਵਿਚ ਕਲੱਬ ਵਿਚ ਇਹ ਸਭ ਕੁਝ ਬੰਦ ਹੈ ਪਰ ਸ਼ਹਿਰ ਦੇ ਕੁਝ ਅਮੀਰ ਲੋਕ ਇਸ ਨੂੰ ਆਪਣੇ ਮਨੋਰੰਜਨ ਦਾ ਅੱਡਾ ਬਣਾਉਣਾ ਚਾਹੁੰਦੇ ਹਨ। ਕਾਂਗਰਸ ਇਸ ਕਲੱਬ ਵਿਚ ਮਾਲਵਾ ਜ਼ੋਨ ਦਾ ਦਫਤਰ ਖੋਲ੍ਹਣਾ ਚਾਹੁੰਦੀ ਹੈ, ਜਿਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ।