ਫੌਜ ਮੁਖੀ ਦੀ ਪਾਕਿਸਤਾਨ ਨੂੰ ਚਿਤਾਵਨੀ- ਘੁਸਪੈਠ ਦਾ ਦੇਵਾਂਗੇ ਜਵਾਬ

ਨਵੀਂ ਦਿੱਲੀ— ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਮੰਗਲਵਾਰ ਨੂੰ ਸੈਨਾ ਦਿਵਸ ਦੇ ਮੌਕੇ ਫੌਜੀਆਂ ਨੂੰ ਵਧਾਈ ਦਿੱਤੀ ਅਤੇ ਸੰਬੋਧਨ ਕੀਤਾ। ਆਪਣੇ ਸੰਬੋਧਨ ‘ਚ ਰਾਵਤ ਨੇ ਕਿਹਾ ਕਿ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਭਾਰਤੀ ਫੌਜ ਸਖਤ ਕਦਮ ਚੱਕਣ ‘ਚ ਝਿਜਕੇਗੀ ਨਹੀਂ। ਜਨਰਲ ਰਾਵਤ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਰਤ ਦੀ ਪੱਛਮੀ ਸਰਹੱਦ ਨਾਲ ਲੱਗਣ ਵਾਲਾ ਦੇਸ਼ ਅੱਤਵਾਦੀ ਸਮੂਹਾਂ ਦੀ ਮਦਦ ਕਰ ਰਿਹਾ ਹੈ ਅਤੇ ਭਾਰਤੀ ਫੌਜ ਉਸ ਨਾਲ ਪ੍ਰਭਾਵੀ ਢੰਗ ਨਾਲ ਨਜਿੱਠ ਰਹੀ ਹੈ। ਸਰਹੱਦ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਵੇਗਾ। ਰਾਵਤ ਨੇ ਅੱਗੇ ਕਿਹਾ ਕਿ ਕੰਟਰੋਲ ਰੇਖਾ ‘ਤੇ ਭਾਰਤੀ ਫੌਜ ਨੇ ਦੁਸ਼ਮਣ ਨੂੰ ਕਰਾਰ ਜਵਾਬ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹਾਂ ਕਿ ਘੁਸਪੈਠ ਦੀ ਕਿਸੇ ਵੀ ਕੋਸ਼ਿਸ਼ ਨਾਲ ਮਜ਼ਬੂਤੀ ਨਾਲ ਨਜਿੱਠਿਆ ਜਾਵੇਗਾ ਅਤੇ ਸਖਤ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰ ਰਹੇ ਹਾਂ ਕਿ ਸਾਡੇ ਫੌਜੀਆਂ ਦਾ ਜੰਮੂ-ਕਸ਼ਮੀਰ ਵਿਚ ਸਰਹੱਦ ‘ਤੇ ਮਨੋਬਲ ਉੱਚਾ ਬਣਿਆ ਰਹੇ। ਰਾਵਤ ਨੇ ਕਿਹਾ ਕਿ ਭਾਰਤੀ ਫੌਜ ਪੱਛਮੀ ਸਰਹੱਦ ‘ਤੇ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਕੋਈ ਵੱਡਾ ਕਦਮ ਚੁੱਕਣ ‘ਚ ਝਿਜਕੇਗੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਚੀਨ ਨਾਲ ਲੱਗਦੀ ਸਰਹੱਦ ਬਾਰੇ ਗੱਲ ਕਰਦਿਆਂ ਕਿਹਾ, ”ਅਸੀਂ ਪੂਰਬੀ ਸਰਹੱਦ ‘ਤੇ ਸਥਿਤੀ ਦੀ ਸਮੀਖਿਆ ਕਰਦੇ ਰਹਿੰਦੇ ਹਾਂ। ਸਾਡੇ ਫੌਜੀ ਜਵਾਨ ਪੂਰਬੀ ਖੇਤਰ ਵਿਚ ਸਰਹੱਦ ਦੀ ਨਿਗਰਾਨੀ ਵਿਚ ਕੋਈ ਸਮਝੌਤਾ ਨਹੀਂ ਹੋਣ ਦੇਣਗੇ।”