ਮੁੰਬਈ— ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਇਕ ਵਾਰ ਫਿਰ ਤੋਂ ਹਿੰਸਾ ਦੀ ਅੱਗ ਭੜਕ ਉੱਠੀ ਹੈ। ਮਰਾਠਾ ਕ੍ਰਾਂਤੀ ਨੇ ਅੱਜ ਪੁਣੇ ‘ਚ ਰੇਲਵੇ ਟਰੈਕ ਜਾਮ ਕਰ ਦਿੱਤਾ ਤਾਂ ਦੂਜੇ ਪਾਸੇ ਮੁੰਬਈ-ਪੁਣੇ ਹਾਈਵੇ ‘ਤੇ ਜਾਮ ਲਾਇਆ। ਇਸ ਅੰਦੋਲਨ ਕਾਰਨ ਮਹਾਰਾਸ਼ਟਰ ਦੇ ਸੀ. ਐੱਮ. ਦਵਿੰਦਰ ਫਡਨਵੀਸ ਨੇ ਸਾਰੇ ਮੰਤਰੀਆਂ ਦੀ ਬੈਠਕ ਬੁਲਾਈ ਹੈ। ਜ਼ਿਕਰਯੋਗ ਹੈ ਕਿ ਮਰਾਠਾ ਕ੍ਰਾਂਤੀ ਮੋਰਚਾ ਨੇ ਬੁੱਧਵਾਰ ਨੂੰ ਮੁੰਬਈ ਬੰਦ ਦਾ ਐਲਾਨ ਕੀਤਾ ਸੀ। ਬੰਦ ਦੌਰਾਨ ਕਈ ਹਿੰਸਕ ਘਟਨਾਵਾਂ ਹੋਈਆਂ, ਜਿਸ ਤੋਂ ਬਾਅਦ ਦੁਪਹਿਰ ਨੂੰ ਉਨ੍ਹਾਂ ਨੇ ਮੁੰਬਈ ਬੰਦ ਦਾ ਫੈਸਲਾ ਵਾਪਸ ਲੈ ਲਿਆ।
ਮਰਾਠਾ ਸਮੁਦਾਏ ਦੇ ਵਿਰੋਧ ‘ਤੇ ਫਡਨਵੀਸ ਨੇ ਕਿਹਾ ਕਿ ਜਦੋਂ ਉਹ ਲੋਕ ਗੱਲਬਾਤ ਲਈ ਅੱਗੇ ਨਹੀਂ ਆਉਣਗੇ, ਉਦੋਂ ਤੱਕ ਇਸ ਦਾ ਹੱਲ ਕਿਸ ਤਰ੍ਹਾਂ ਨਿਕਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸਮੁਦਾਏ ਦੇ ਰਿਜ਼ਰਵੇਸ਼ਨ ਲਈ ਕਾਨੂੰਨ ਬਣਾਇਆ ਸੀ ਪਰ ਬੰਬੇ ਹਾਈਕੋਰਟ ਨੇ ਉਸ ‘ਤੇ ਸਟੇ ਲਗਾ ਦਿੱਤੀ ਸੀ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਮੁੰਬਈ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਕਈ ਬੱਸਾਂ ‘ਤੇ ਪਥਰਾਅ ਨਾਲ ਇਕ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ। ਮਰਾਠਾ ਕ੍ਰਾਂਤੀ ਮੋਰਚਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰੇਗਾ।















