ਲੰਡਨ – ਇੰਗਲੈਂਡ ਖ਼ਿਲਾਫ਼ ਭਾਰਤ ਨੇ ਆਖ਼ਰੀ ਟੈੱਸਟ ਮੈਚ ਹਾਰ ਕੇ 1-4 ਨਾਲ ਸੀਰੀਜ਼ ਗੁਆ ਲਈ ਹੈ। ਆਖ਼ਰੀ ਟੈੱਸਟ ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 118 ਦੌੜਾਂ ਨਾਲ ਹਰਾ ਦਿੱਤਾ। ਰਿਸ਼ਭ ਪੰਤ ਨੇ ਮੰਗਲਵਾਰ ਨੂੰ ਮੇਜ਼ਬਾਨ ਟੀਮ ਨੂੰ ਲੰਡਨ ਦੇ ਓਵਲ ਮੈਦਾਨ ‘ਤੇ ਸ਼ਾਨਦਾਰ ਸੈਂਕੜੇ ਲਗਾਇਆ। ਉਹ ਇੰਗਲੈਂਡ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਵਿਕਟਕੀਪਰ ਬੱਲੇਬਾਜ਼ ਬਣ ਗਿਆ ਹੈ। ਆਪਣਾ ਤੀਜਾ ਟੈੱਸਟ ਮੈਚ ਖੇਡ ਰਹੇ ਪੰਤ ਨੇ ਲੈੱਗ ਸਪਿਨਰ ਦੀ ਗੇਂਦ ‘ਤੇ ਛੱਕਾ ਲਗਾ ਕੇ 117 ਗੇਂਦਾਂ ‘ਤੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਚੌਥੀ ਪਾਰੀ ‘ਚ ਕਿਸੇ ਭਾਰਤੀ ਵਿਕਟਕੀਪਰ ਬੱਲੇਬਾਜ਼ ਵਲੋਂ ਬਣਾਇਆ ਗਿਆ ਚੋਟੀ ਦਾ ਸਕੋਰ ਵੀ ਹੈ। ਪੰਤ ਨੇ ਆਪਣੀ ਇਸ ਪਾਰੀ ‘ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਪੰਤ ਨੇ ਦੂਜੀ ਪਾਰੀ ‘ਚ 4 ਛੱਕਿਆਂ ਅਤੇ 15 ਚੌਕਿਆਂ ਦੀ ਮਦਦ ਨਾਲ 114 ਦੌੜਾਂ ਬਣਾਈਆਂ।
ਭਾਰਤੀ ਵਿਕਟਕੀਪਰ ਵਲੋਂ ਇੰਗਲੈਂਡ ‘ਚ ਚੋਟੀ ਦੇ ਸਕੋਰ ਦੀ ਗੱਲ ਕਰੀਏ ਤਾਂ ਇਹ ਧੋਨੀ ਦੇ ਨਾਂ ਸੀ ਜਿਸ ਨੇ 2007 ‘ਚ ਇੰਗਲੈਂਡ ਦੌਰੇ ‘ਤੇ 92 ਦੌੜਾਂ ਬਣਾਈਆਂ ਸਨ ਅਤੇ ਭਾਰਤ ਵਲੋਂ ਇਸ ਤੋਂ ਪਹਿਲਾਂ ਕਿਸੇ ਵਿਕਟਕੀਪਰ ਨੇ ਚੌਥੀ ਪਾਰੀ ‘ਚ ਬਣਾਇਆ ਗਿਆ ਟੌਪ ਸਕੋਰ ਅਜੇਤੂ 76 ਦੌੜਾਂ ਸੀ ਜੋ ਧੋਨੀ ਨੇ 2007 ‘ਚ ਇੰਗਲੈਂਡ ਦੌਰੇ ‘ਤੇ ਲੌਰਡਜ਼ ‘ਚ ਬਣਾਇਆ ਸੀ। ਧੋਨੀ ਦੀ ਪਾਰੀ ਦੇ ਦਮ ‘ਤੇ ਭਾਰਤ ਉਹ ਮੈਚ ਡਰਾਅ ਕਰਵਾਉਣ ‘ਚ ਕਾਮਯਾਬ ਰਿਹਾ ਸੀ।












