ਚੰਡੀਗੜ੍ਹ/ਬਠਿੰਡਾ- ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਦੋ ਸੀਨੀਅਰ ਆਈ.ਏ.ਐਸ. (IAS) ਅਧਿਕਾਰੀਆਂ ਨੂੰ ਮੁਅੱਤਲ ਕੀਤੇ ਜਾਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਧਿਕਾਰੀਆਂ ਨੂੰ ਡਰਾ-ਧਮਕਾ ਕੇ ਆਪਣੀ ਮਰਜ਼ੀ ਅਨੁਸਾਰ ਕੰਮ ਕਰਵਾਉਣਾ ਚਾਹੁੰਦੀ ਹੈ।
ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ 20 ਤੋਂ ਵੱਧ ਅਧਿਕਾਰੀਆਂ ਅਤੇ ਹੁਣ ਦੋ ਸੀਨੀਅਰ ਆਈਏਐਸ ਅਫਸਰਾਂ ਦੀ ਮੁਅੱਤਲੀ ਇਹ ਸਾਬਤ ਕਰਦੀ ਹੈ ਕਿ ਸਰਕਾਰ ਇਸ ਪ੍ਰਸ਼ਾਸਕੀ ਕਾਰਵਾਈ ਨਾਲ ਸਿਵਲ ਅਤੇ ਪੁਲਸ ਅਧਿਕਾਰੀਆਂ ਨੂੰ ਆਪਣੇ ਇਸ਼ਾਰਿਆਂ ’ਤੇ ਚਲਾਉਣ ਲਈ ਹਥਿਆਰ ਵਜੋਂ ਵਰਤ ਰਹੀ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਸਰਕਾਰ ਦੀਆਂ ਅਸਫਲਤਾਵਾਂ ਦਾ ਦੋਸ਼ ਅਧਿਕਾਰੀਆਂ ‘ਤੇ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਕਿਹਾ ਇਹ ਉਹ ਬਦਲਾਅ ਨਹੀਂ ਹੈ ਜਿਸ ਲਈ ਪੰਜਾਬੀਆਂ ਨੇ ਵੋਟ ਪਾਈ ਸੀ। ਲੋਕ ਅਜਿਹੀ ਸਰਕਾਰ ਚਾਹੁੰਦੇ ਹਨ ਜੋ ਕੰਮ ਕਰੇ, ਨਾ ਕਿ ਜੋ ਬਹਾਨੇ ਬਣਾਉਂਦੀ ਰਹੇ ਅਤੇ ਆਪਣੀ ਨਾਕਾਮਿਆਂ ਦੇ ਲਈ ਆਪਣੇ ਅਧਿਕਾਰੀਆਂ ਨੂੰ ਬਲੀ ਦਾ ਬਕਰਾ ਬਣਾਉਂਦੀ ਰਹੇ। ਹਰਸਿਮਰਤ ਬਾਦਲ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ‘ਦਿੱਲੀ ਦਰਬਾਰ’ ਨੇ ਨਾ ਸਿਰਫ਼ ਪੰਜਾਬ ਨੂੰ ਦੀਵਾਲੀਆ ਕਰ ਦਿੱਤਾ ਹੈ, ਸਗੋਂ ਹੁਣ ਸ਼ਾਸਨ ਨੂੰ ਵੀ ਅਪਾਹਜ ਕਰ ਦਿੱਤਾ ਹੈ।















