ਪੰਜਾਬ ‘ਚ ਵੱਡੀ ਘਟਨਾ! ਮੰਦਿਰ ‘ਚ ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ

ਰੋਪੜ – ਰੋਪੜ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਰੋਪੜ ਵਿਖੇ ਕ੍ਰਿਸ਼ਨਾ ਮੰਦਿਰ ‘ਚ ਅੱਜ ਸਵੇਰੇ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇਥੇ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਲਈ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇਜ਼ੀ ਨਾਲ ਫੈਲਦੀ ਰਹੀ। ਮੌਕੇ ਉਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ‘ਤੇ ਕਾਬੂ ਪਾਇਆ ਅਤੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਮੰਦਿਰ ਵਿਚ ਤਿੰਨ ਦਿਨਾਂ ਲਈ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਹਲਵਾਈ ਕੰਮ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਸਿਲੰਡਰ ਦੀ ਪਾਈਪ ਨੂੰ ਅੱਗ ਲੱਗ ਗਈ।
ਉਨ੍ਹਾਂ ਦਸਿਆ ਕਿ ਉਸੇ ਜਗ੍ਹਾ ‘ਤੇ 2 ਸਿਲੰਡਰ ਹੋਰ ਪਏ ਸਨ। ਗਨੀਮਤ ਇਹ ਰਹੀ ਕਿ ਕੋਈ ਵਡਾ ਹਾਦਸਾ ਨਹੀਂ ਹੋਇਆ ਕਿਉਂਕਿ ਇਸ ਸਮੇਂ ਕਾਫ਼ੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਆ ਕੇ ਅੱਗ ‘ਤੇ ਕਾਬੂ ਪਾਇਆ ਗਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।