ਚੰਡੀਗੜ੍ਹ – ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨੇ ਹਰਿਆਣਾ ਦੇ ਭਾਜਪਾ ਇੰਚਾਰਜ ਸਤੀਸ਼ ਪੂਨੀਆ ਨੂੰ ਪੰਜਾਬ ਦੀ ਨਵੀਂ ਟੀਮ ਦੀ ਚੋਣ ਦੀ ਜ਼ਿੰਮੇਵਾਰੀ ਸੌਂਪੀ ਹੈ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਪਾਰਟੀ ਦੇ ਉੱਤਰ ਭਾਰਤ ਇੰਚਾਰਜ ਸੌਦਾਨ ਸਿੰਘ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੇ ਨਾਲ ਮੁਲਾਕਾਤ ਕਰ ਕੇ ਪੁਰਾਣੀਆਂ ਟੀਮਾਂ ਦੇ ਸਾਥੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਨੂੰ ਕਿਹਾ ਗਿਆ ਹੈ।
ਉਹ ਕੁਝ ਹੋਰਨਾਂ ਸੀਨੀਅਰ ਆਗੂਆਂ ਤੋਂ ਵੀ ਜਾਣਕਾਰੀ ਇਕੱਠੀ ਕਰਨਗੇ ਤਾਂ ਜੋ ਕੇਵਲ ਢਿੱਲੋਂ ਦੀ ਨਵੀਂ ਟੀਮ ’ਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਪੈਨਲ ਪਾਰਟੀ ਲੀਡਰਸ਼ਿਪ ਨੂੰ ਸੌਂਪ ਸਕਣ। ਪਤਾ ਲੱਗਾ ਹੈ ਕਿ ਪੂਨੀਆ ਦੀ ਜਾਖੜ ਅਤੇ ਅਸ਼ਵਨੀ ਸ਼ਰਮਾ ਨਾਲ ਫ਼ੋਨ ’ਤੇ ਗੱਲ ਹੋ ਚੁੱਕੀ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਪੰਜਾਬ ਦੀ ਨਵੀਂ ਟੀਮ ਦੀ ਸੂਚੀ ਲੈ ਕੇ ਪਿਛਲੇ ਹਫ਼ਤੇ ਦਿੱਲੀ ਗਏ ਆਗੂਆਂ ਨੂੰ ਰਾਸ਼ਟਰੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਨੇ ਬੇਰੰਗ ਮੋੜ ਦਿੱਤਾ ਸੀ। ਇਸ ਤੋਂ ਬਾਅਦ ਹੀ ਪੂਨੀਆ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ। ਪੂਨੀਆ ਇਸੇ ਹਫ਼ਤੇ ਆਪਣੀ ਰਿਪੋਰਟ ਪਾਰਟੀ ਲੀਡਰਸ਼ਿਪ ਨੂੰ ਸੌਂਪ ਦੇਣਗੇ, ਜਿਸ ਤੋਂ ਬਾਅਦ 10 ਜੁਲਾਈ ਤੱਕ ਪੰਜਾਬ ਟੀਮ ਐਲਾਨ ਦਿੱਤੀ ਜਾਵੇਗੀ। ਇਸ ਦੌਰਾਨ ਪ੍ਰਦੇਸ਼ ਸੰਗਠਨ ਮੰਤਰੀ ਅਤੇ ਪੰਜਾਬ ਦੇ ਹੋਰਨਾਂ ਜਨਰਲ ਸਕੱਤਰਾਂ ਦੇ ਨਾਲ ਪ੍ਰਦੇਸ਼ ਸੰਗਠਨ ਮੰਤਰੀ ਨਰਿੰਦਰ ਰੈਣਾ ਨੇ ਕੱਲ ਬੈਠਕ ਕੀਤੀ ਸੀ।
ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਪ੍ਰਦੇਸ਼ ਟੀਮ ’ਚ ਵੱਡਾ ਬਦਲਾਅ ਹੋ ਸਕਦਾ ਹੈ, ਜਿਸ ’ਚ ਵਰ੍ਹਿਆਂ ਤੋਂ ਵੱਖ-ਵੱਖ ਟੀਮਾਂ ’ਚ ਰਹੇ ਆਗੂਆਂ ਦੀ ਜਗ੍ਹਾ ਕੁਝ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਪਾਰਟੀ ਤਜਰਬੇ ਅਤੇ ਨਵੇਂ ਚਿਹਰਿਆਂ ਦਾ ਤਾਲਮੇਲ ਨਵੀਂ ਟੀਮ ’ਚ ਬਣਾਏਗੀ।















