ਪੰਜਾਬ ‘ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ

ਨਵਾਂਸ਼ਹਿਰ/ਫਗਵਾੜਾ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ ‘ਚ ਵਧਦਾ ਹੀ ਜਾ ਰਿਹਾ ਹੈ। ਦੁਨੀਆ ਭਰ ਵਿਚ ਇਸ ਵਾਇਰਸ ਸਬੰਧੀ ਮਾਮਲਿਆਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਪੂਰੀ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਡਾਕਟਰਾਂ ਵਲੋਂ ਵੀ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਗੱਲ ਆਖੀ ਜਾ ਰਹੀ ਹੈ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਦੇ ਚੱਲਦੇ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਨਵਾਂਸ਼ਹਿਰ ਜ਼ਿਲੇ ਦੇ ਇਕ ਹਸਪਤਾਲ ‘ਚ ਜਾਨ ਗਵਾਉਣ ਵਾਲਾ 72 ਸਾਲਾਂ ਸ਼ਖ਼ਸ ਕੋਰੋਨਾ ਵਾਇਰਸ ਨਾਲ ਪੀੜਤ ਸੀ। ਸੀਨੀਅਰ ਅਧਿਕਾਰੀਆਂ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਇਹ ਸ਼ਖ਼ਸ ਦੋ ਹਫਤੇ ਪਹਿਲੇ ਇਟਲੀ ਹੁੰਦੇ ਹੋਏ ਜਰਮਨੀ ਤੋਂ ਵਾਪਿਸ ਆਇਆ ਸੀ ਅਤੇ ਉਸ ਦੇ ਦਿਲ ‘ਚ ਬਹੁਤ ਤੇਜ਼ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪੋਸਟ ਗ੍ਰੈਜੁਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ (ਪੀ. ਜੀ. ਆਈ. ਐੱਮ. ਈ. ਆਰ.) ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ ਮ੍ਰਿਤਕ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸੀ ਅਤੇ ਜਾਂਚ ਲਈ ਭੇਜੇ ਗਏ ਉਸ ਦੇ ਨਮੂਨਿਆਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਦੱਸਣਯੋਗ ਹੈ ਕਿ ਬੰਗਾ ਸਿਵਲ ਹਸਪਤਾਲ ਵਿਖੇ ਕੁਝ ਦਿਨ ਪਹਿਲਾਂ ਜਰਮਨ ਵਾਇਆ ਇਟਲੀ ਪੁੱਜੇ ਇਕ 70 ਸਾਲਾ ਬਜ਼ੁਰਗ ਦੀ ਮੌਤ ਹੋਣ ਦੀ ਖਬਰ ਮਿਲੀ ਸੀ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨੂੰ ਸਥਾਨਕ ਹਸਪਤਾਲ ਵਿਖੇ ਛਾਤੀ ‘ਚ ਦਰਦ ਅਤੇ ਆ ਰਹੇ ਪਸੀਨੇ ਨੂੰ ਮੁੱਖ ਰਖਦੇ ਹੋਏ ਦਾਖਲ ਹੋਇਆ ਸੀ, ਜਿਸ ਦੀ ਕੁਝ ਹੀ ਮਿੰਟਾਂ ਮਗਰੋਂ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਪਠਲਾਵਾ ਨਿਵਾਸੀ ਬਲਦੇਵ ਸਿੰਘ ਪੁੱਤਰ ਜਗਨ ਨਾਥ ਬੀਤੀ 6 ਮਾਰਚ ਨੂੰ ਜਰਮਨ ਵਾਇਆ ਇਟਲੀ 2 ਘੰਟੇ ਦੀ ਏਅਰ ਸਟੇਅ ਤੋਂ ਬਾਅਦ ਆਪਣੇ ਪਿੰਡ ਪੁੱਜਾ ਸੀ। ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ।
ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ
ਚੰਡੀਗੜ੍ਹ ਪੀ. ਜੀ. ਆਈ. ‘ਚ ਬੁੱਧਵਾਰ ਰਾਤ ਕਰੀਬ 12 ਵਜੇ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਸ਼ਹਿਰ ‘ਚ ਹੜਕੰਪ ਮਚ ਗਿਆ ਹੈ। ਜਾਂਚ ਦੌਰਾਨ ਪੀ. ਜੀ. ਆਈ. ਦੇ ਵਾਇਰੋਲੋਜੀ ਵਿਭਾਗ ਨੇ 23 ਸਾਲ ਦੀ ਇਕ ਕੁੜੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕੋਵਿਡ-19 ਦਾ ਪਾਜ਼ੀਟਿਵ ਕੇਸ ਆਉਂਦੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਹਨ। ਫਿਲਹਾਲ ਕੁੜੀ ਦੀ ਪਛਾਣ ਲੁਕੋਈ ਗਈ ਹੈ।
ਅੰਮ੍ਰਿਤਸਰ ‘ਚ ਮਰੀਜ਼ ਦੀ ਪੁਸ਼ਟੀ
ਕੋਰੋਨਾ ਵਾਇਰਸ ਨੇ ਪੰਜਾਬ ‘ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਸਾਹਮਣੇ ਆਇਆ ਹੈ, ਜਿਥੇ ਦਾਖਲ ਇਕ ਮਰੀਜ਼ ਦੀ ਮੁੜ ਤੋਂ ਰਿਪੋਰਟ ਪਾਜੀਟਿਵ ਆਈ ਹੈ। ਜਦਕਿ ਉਸ ਦੀ ਪਤਨੀ ਤੇ ਬੱਚੇ ਦੀ ਰਿਪੋਰਟ ਨੈਗੇਟਿਵ ਆਈ ਹੈ। ਹਸਪਤਾਲ ਪ੍ਰਸ਼ਾਸਨ ਵਲੋਂ ਹੁਸ਼ਿਆਰਪੁਰ ਵਾਸੀ ਨੂੰ ਆਈਸੋਲੇਸ਼ਨ ਵਾਰਡ ‘ਚ ਭੇਜ ਦਿੱਤਾ ਗਿਆ ਹੈ, ਜਿਥੇ ਉਸ ਨੂੰ 14 ਦਿਨ ਰੱਖਿਆ ਜਾਵੇਗਾ।