ਬਠਿੰਡਾ : ਬਠਿੰਡਾ-ਤਲਵੰਡੀ ਸਾਬੋ ਸੜਕ ‘ਤੇ ਸੰਘਣੀ ਧੁੰਦ ਕਾਰਨ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਕਿਸਾਨਾਂ ਨਾਲ ਭਰੀ ਮਿੰਨੀ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਕਿਸਾਨ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਅੱਜ ਟੋਹਾਣਾ ‘ਚ ਮਹਾਂਪੰਚਾਇਤ ਕੀਤੀ ਜਾ ਰਹੀ ਹੈ।
ਇਸ ‘ਚ ਸ਼ਾਮਲ ਹੋਣ ਲਈ ਕਿਸਾਨ ਮਿੰਨੀ ਬੱਸ ‘ਚ ਸਵਾਰ ਹੋ ਕੇ ਜਾ ਰਹੇ ਸਨ। ਸੰਘਣੀ ਧੁੰਦ ਕਾਰਨ ਅਚਾਨਕ ਮਿੰਨੀ ਬੱਸ ਦੇ ਡਰਾਈਵਰ ਨੂੰ ਕੁੱਝ ਦਿਖਾਈ ਨਹੀਂ ਦਿੱਤਾ ਅਤੇ ਤੇਜ਼ ਰਫ਼ਤਾਰ ਕਾਰਨ ਮਿੰਨੀ ਬੱਸ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਮਿੰਨੀ ਬੱਸ ਡਿਵਾਈਡਰ ਨਾਲ ਟਕਰਾ ਗਈ।
ਹਾਦਸੇ ਦੌਰਾਨ 2-3 ਦੇ ਕਰੀਬ ਕਿਸਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।













