
ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਅਨਲਾਕ ਫੇਜ਼-3 ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਜਿੰਮ ਅਤੇ ਯੋਗਾ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੋਰੋਨਾ ਮਹਾਮਾਰੀ ਫੈਲਣ ਕਾਰਨ ਕਈ ਮਹੀਨਿਆਂ ਤੋਂ ਬੰਦ ਪਏ ਜਿੰਮ ਅਤੇ ਯੋਗਾ ਕੇਂਦਰ ਅੱਜ ਮਤਲਬ ਕਿ 5 ਅਗਸਤ ਨੂੰ ਆਖ਼ਰਕਾਰ ਖੁੱਲ੍ਹ ਗਏ ਹਨ।
ਜਿੰਮ ਖੁੱਲ੍ਹਣ ਤੋਂ ਬਾਅਦ ਜਿੰਮ ਮਾਲਕਾਂ ਅਤੇ ਨੌਜਵਾਨਾਂ ਦੇ ਚਿਹਰਿਆਂ ‘ਤੇ ਰੌਣਕ ਸਾਫ਼ ਦਿਖਾਈ ਦੇ ਰਹੀ ਹੈ। ਜਿੰਮ ਖੋਲ੍ਹਣ ਨੂੰ ਲੈ ਕੇ ਜਿੱਥੇ ਜਿੰਮ ਮਾਲਕਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਹੈ, ਉੱਥੇ ਹੀ ਇਹ ਵੀ ਭਰੋਸਾ ਦੁਆਇਆ ਹੈ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਗੇ। ਜਿੰਮਾਂ ‘ਚ ਅੱਜ ਕਈ ਨੌਜਵਾਨ ਕਸਰਤ ਕਰਦੇ ਹੋਏ ਦਿਖਾਈ ਦਿੱਤੇ।
ਭਾਵੇਂ ਹੀ ਜਿੰਮ ਖੁੱਲ੍ਹਣ ਦਾ ਅੱਜ ਪਹਿਲਾ ਦਿਨ ਸੀ, ਫਿਰ ਵੀ ਨੌਜਵਾਨਾਂ ‘ਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਨੌਜਵਾਨਾਂ ਦਾ ਕਹਿਣਾ ਸੀ ਕਿ ਤਾਲਾਬੰਦੀ ਦੌਰਾਨ ਉਹ ਘਰਾਂ ‘ਚ ਹੀ ਕਸਰਤ ਕਰਦੇ ਰਹੇ ਪਰ ਜੋ ਮਜ਼ਾ ਜਿੰਮ ‘ਚ ਕਸਰਤ ਕਰਕੇ ਆਉਂਦਾ ਹੈ, ਉਹ ਘਰ ਨਹੀਂ ਆਉਂਦਾ ਕਿਉਂਕਿ ਘਰਾਂ ‘ਚ ਜਿੰਮ ਦਾ ਪੂਰਾ ਸਮਾਨ ਨਹੀਂ ਹੁੰਦਾ।
News Credit :jagbani(punjabkesar)















