ਪੰਜਾਬ ਕਾਂਗਰਸ ਵੱਲੋਂ ਐਸ.ਵਾਈ.ਐਲ ਮੁੱਦੇ ਉਪਰ ਵੱਡੇ ਪੱਧਰ ‘ਤੇ ਸੂਬਾ ਪੱਧਰੀ ਅੰਦੋਲਨ ਕਰਨ ਦਾ ਐਲਾਨ

5ਚੰਡੀਗਡ਼੍ਹ : ਪੰਜਾਬ ਕਾਂਗਰਸ ਨੇ ਐਸ.ਵਾਈ.ਐਲ ਮੁੱਦੇ ‘ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ‘ਚ ਅਸਫਲ ਰਹੀ ਬਾਦਲ ਸਰਕਾਰ ਖਿਲਾਫ ਰੋਸ ਪ੍ਰਗਟਾਉਣ ਲਈ ਸ਼ੁੱਕਰਵਾਰ ਨੂੰ ਵੱਡੇ ਪੱਧਰ ‘ਤੇ ਕਾਰਵਾਈ ਦਾ ਐਲਾਨ ਕੀਤਾ ਹੈ। ਇਥੋਂ ਤੱਕ ਕਿ ਪਾਰਟੀ ਵਿਧਾਇਕਾਂ ਵੱਲੋਂ ਮੋਦੀ ਤੇ ਬਾਦਲ ਵਿਰੋਧੀ ਨਾਅਰੇਬਾਜੀ ਕਰਦਿਆਂ ਰਸਮੀ ਤੌਰ ‘ਤੇ ਸੂਬਾ ਵਿਧਾਨ ਸਭਾ ਤੋਂ ਆਪਣੇ ਅਸਤੀਫੇ ਦੇ ਦਿੱਤੇ ਗਏ।
ਐਸ.ਵਾਈ.ਐਲ ਮੁੱਦੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੂਬੇ ਨੂੰ ਹੋਏ ਨੁਕਸਾਨ ‘ਤੇ ਚਰਚਾ ਕਰਨ ਲਈ ਕਾਂਗਰਸ ਵਿਧਾਧੀ ਧਿਰ ਦੀ ਵਿਧਾਨ ਸਭਾ ‘ਚ ਮੀਟਿੰਗ ਹੋਈ ਅਤੇ ਇਸ ਦੌਰਾਨ ਅਦਾਲਤ ਦੇ ਫੈਸਲੇ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਾਉਣ ਖਾਤਿਰ ਕਾਰਵਾਈ ‘ਤੇ ਚਰਚਾ ਕੀਤੀ ਗਈ।
ਇਸ ਲਡ਼ੀ ਹੇਠ ਕਾਂਗਰਸ ਦੇ ਆਗੂ ਤੇ ਵਰਕਰ ਸ਼ਨੀਵਾਰ ਨੂੰ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਫੂਕਣਗੇ। ਜਦਕਿ ਐਤਵਾਰ ਨੂੰ ਪਾਰਟੀ ਵੱਲੋਂ ਐਸ.ਵਾਈ.ਐਲ ਨਹਿਰ ਦੇ ਅੰਤਿਮ ਹਿੱਸੇ ‘ਤੇ ਅਬੋਹਰ ਵਿਖੇ ਇਕ ਰੈਲੀ ਦਾ ਅਯੋਜਨ ਕੀਤਾ ਜਾਵੇਗਾ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਅਣਕਹੇ ਦੁੱਖ ‘ਚ ਧਕੇਲਦਿਆਂ ਅਕਾਲੀਆਂ ਵੱਲੋਂ ਅਦਾਲਤ ‘ਚ ਕੇਸ ਨੂੰ ਬਿਗਾਡ਼ੇ ਜਾਣ ਨੂੰ ਸਾਰਿਆਂ ਦੇ ਸਾਹਮਣੇ ਲਿਆਇਆ ਜਾ ਸਕੇ। ਇਸ ਦੌਰਾਨ ਕਾਂਗਰਸ ਵਿਧਾਈ ਧਿਰ ਨੇ ਰੈਲੀ ਦੇ ਅਯੋਜਨ ਦੀ ਜ਼ਿੰਮੇਵਾਰੀ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖਡ਼ ਨੂੰ ਸੌਂਪ ਦਿੱਤੀ, ਜਿਸ ਰੈਲੀ ‘ਚ ਪੰਜਾਬ ਤੋਂ ਪਾਰਟੀ ਦੇ ਸਾਰੇ ਸੰਸਦ ਮੈਂਬਰ ਤੇ ਵਿਧਾਇਕ ਹਿੱਸਾ ਲੈਣਗੇ।
ਕਾਂਗਰਸ ਵਿਧਾਈ ਧਿਰ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਰਾਸ਼ਟਰਪਤੀ ਨਾਲ ਮਿੱਲ ਕੇ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ਕਾਰਨ ਪੰਜਾਬ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਇਸ ਦੌਰਾਨ ਐਸ.ਵਾਈ.ਐਲ ਦੇ ਫੈਸਲੇ ਕਾਰਨ ਪੰਜਾਬ ਦੇ ਲੱਖਾਂ ਲੋਕਾਂ ‘ਤੇ ਪੈਣ ਵਾਲੇ ਗੰਭੀਰ ਪ੍ਰਭਾਵ ਦਾ ਜ਼ਿਕਰ ਕਰਦਿਆਂ ਕਾਂਗਰਸ ਵਿਧਾਈ ਧਿਰ ਨੇ ਸੂਬੇ ਕੋਲ ਮੌਜ਼ੂਦਾ ਪਾਣੀ ਦਾ ਅਨੁਮਾਨ ਲਗਾਉਣ ਲਈ ਇਕ ਹੋਰ ਟ੍ਰਿਬਿਊਨਲ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਨੇ ਦੁਹਰਾਇਆ ਕਿ ਰਿਪੇਰਿਅਨ ਸਿਧਾਂਤਾਂ ਅਧੀਨ ਹਰਿਆਣਾ ਦਾ ਸਤਲੁਜ ਦਰਿਆ ਦੇ ਪਾਣੀ ‘ਤੇ ਕੋਈ ਹੱਕ ਨਹੀਂ ਹੈ।
ਜਦਕਿ ਬਾਦਲ ‘ਤੇ ਪੰਜਾਬ ਤੇ ਇਸਦੇ ਲੋਕਾਂ ਦੇ ਹਿੱਤ ਵੇਚਣ ਦਾ ਦੋਸ਼ ਲਗਾਉਂਦਿਆਂ ਕਾਂਗਰਸ ਵਿਧਾਈ ਧਿਰ ਨੇ ਕਿਹਾ ਕਿ ਅਕਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬਚਾਉਣ ‘ਚ ਪੂਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਉਸਨੇ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਸਹੀ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ। ਕਾਂਗਰਸ ਵਿਧਾਈ ਧਿਰ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਬਾਦਲ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਨ ਸਮੇਤ ਆਪਣੇ ਵਿਧਾਨ ਸਭਾ ਹਲਕੇ ਤੇ ਪਿੰਡ ਨੂੰ ਵੀ ਭੁੱਲ ਗਏ ਹਨ, ਜਿਹਡ਼ੇ ਵੀ ਐਸ.ਵਾਈ.ਐਲ ‘ਤੇ ਫੈਸਲੇ ਤੋਂ ਬਾਅਦ ਪੈਦਾ ਹੋਈ ਪਾਣੀ ਦੇ ਸੰਕਟ ਤੋਂ ਬਾਅਦ ਸੁੱਕ ਜਾਣਗੇ।
ਇਸ ਮੌਕੇ ਕਾਂਗਰਸ ਵਿਧਾਈ ਧਿਰ ਦੇ ਫੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਉਕਤ ਮੁੱਦੇ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਜਾਣ ਤੇ ਉਨ੍ਹਾਂ ਨੂੰ ਨਿਆ ਦੇਣ ਲਈ ਲੋਡ਼ੀਂਦਾ ਕਾਨੂੰਨ ਬਣਾਉਣ ਵਾਸਤੇ ਦੋ ਤਿਹਾਈ ਬਹੁਮਤ ਮੰਗਣ ਦਾ ਫੈਸਲਾ ਕੀਤਾ ਸੀ।
ਮੀਟਿੰਗ ਤੋਂ ਬਾਅਦ ਪਾਰਟੀ ਵਿਧਾਇਕ ਸਪੀਕਰ ਨੂੰ ਆਪਣੇ ਅਸਤੀਫੇ ਸੌਂਪਣ ਲਈ ਉਨ੍ਹਾਂ ਦੇ ਕਮਰੇ ‘ਚ ਗਏ। ਲੇਕਿਨ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਮੌਜ਼ੂਦ ਨਾ ਹੋਣ ਕਾਰਨ, ਵਿਧਾਇਕ ਉਨ੍ਹਾਂ ਦੇ ਕਮਰੇ ਸਾਹਮਣੇ ਰੱਖੀਆਂ ਖਾਲ੍ਹੀ ਕੁਰਸੀਆਂ ਉਪਰ ਬੈਠ ਕੇ ਉਨ੍ਹਾਂ ਦਾ ਇੰਤਜ਼ਾਰ ਕਰਨ ਲੱਗੇ, ਜਿਨ੍ਹਾਂ ਨੇ ਅਖੀਰ ‘ਚ ਵਿਧਾਨ ਸਭਾ ਦੇ ਸਕੱਤਰ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ।
ਇਸ ਦੌਰਾਨ ਐਸ.ਵਾਈ.ਐਲ ਦੇ ਮੁੱਦੇ ‘ਤੇ ਕਾਂਗਰਸ ਦੀ ਮੁਹਿੰਮ ਦੇ ਸਮਰਥਨ ‘ਚ ਆਪਣਾ ਅਸਤੀਫਾ ਦੇਣ ਲਈ ਅਜ਼ਾਦ ਵਿਧਾਇਕ ਰਜਨੀਸ਼ ਬੱਬੀ ਵੀ ਮੌਜ਼ੂਦ ਸਨ।
ਇਸ ਸਮੇਂ ਜ਼ਿਆਦਾਤਰ ਕਾਂਗਰਸੀ ਵਿਧਾਇਕ ਵਿਅਕਤੀਗਤ ਤੌਰ ‘ਤੇ ਆਪਣੇ ਅਸਤੀਫੇ ਲੈ ਕੇ ਪਹੁੰਚੇ ਸਨ, ਜਿਹਡ਼ੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਅਸਤੀਫਿਆਂ ਦਾ ਐਲਾਨ ਕਰ ਚੁੱਕੇ ਸਨ। ਜਦਕਿ ਇਸ ਮੌਕੇ ਨਾ ਪਹੁੰਚ ਸਕਣ ਵਾਲੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਨੂੰ ਆਪਣੇ ਅਸਤੀਫੇ ਭੇਜ ਦਿੱਤੇ ਸਨ।
ਇਸ ਮੌਕੇ ਕੈਪਟਨ ਅਮਰਿੰਦਰ ਤੋਂ ਇਲਾਵਾ, ਵਿਧਾਨ ਸਭਾ ਕੰਪਲੈਕਸ ‘ਚ ਕਈ ਸੀਨੀਅਰ ਪਾਰਟੀ ਆਗੂ ਵਿਧਾਇਕਾਂ ਦਾ ਸਾਥ ਦੇਣ ਲਈ ਪਹੁੰਚੇ। ਜਿਨ੍ਹਾਂ ‘ਚ ਰਾਜ ਸਭਾ ਐਮ.ਪੀ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ, ਏ.ਆਈ.ਸੀ.ਸੀ ਜਨਰਲ ਸਕੱਤਰ ਅੰਬਿਕਾ ਸੋਨੀ, ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖਡ਼, ਵਿਧਾਇਕ ਪਰਨੀਤ ਕੌਰ, ਕੇਵਲ ਸਿੰਘ ਢਿਲੋਂ, ਰਾਣਾ ਗੁਰਮੀਤ ਸੋਢੀ, ਤਰਲੋਚਨ ਸਿੰਘ ਸੂੰਦ ਤੇ ਬ੍ਰਹਮ ਮੋਹਿੰਦਰਾ, ਸਾਬਕਾ ਮੁੱਖ ਮੰਤਰੀ ਪੰਜਾਬ ਰਜਿੰਦਰ ਕੌਰ ਭੱਠਲ ਤੇ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਸ਼ਾਮਿਲ ਰਹੇ।