ਹਾਜੀਪੁਰ -ਪੌਂਗ ਡੈਮ ਵਿਚ ਪਾਣੀ ਦੀ ਆਮਦ ਘੱਟ ਹੋ ਗਈ ਹੈ, ਜਦਕਿ ਪਾਣੀ ਦੀ ਨਿਕਾਸੀ ਥੋੜ੍ਹੀ ਵਧਾਈ ਗਈ ਹੈ। ਇਸ ਦੇ ਬਾਵਜੂਦ ਡੈਮ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਸਥਿਰ ਬਣਿਆ ਹੋਇਆ ਹੈ। ਡੈਮ ਦੇ ਅਧਿਕਾਰੀਆਂ ਅਨੁਸਾਰ ਉੱਪਰੀ ਕੈਚਮੈਂਟ ਖੇਤਰਾਂ ਵਿਚ ਘੱਟ ਮੀਂਹ ਪੈਣ ਕਾਰਨ ਡੈਮ ਵਿਚ ਪਾਣੀ ਦੀ ਆਮਦ ਘਟੀ ਹੈ।
ਇਸ ਦੇ ਮੱਦੇਨਜ਼ਰ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਪਾਣੀ ਦੇ ਪੱਧਰ ਨੂੰ ਸੁਰੱਖਿਅਤ ਸੀਮਾ ਦੇ ਅੰਦਰ ਰੱਖਣ ਲਈ ਡੈਮ ਤੋਂ ਪਾਣੀ ਦੀ ਨਿਕਾਸੀ ਨੂੰ ਕੰਟਰੋਲ ਤਰੀਕੇ ਨਾਲ ਵਧਾਇਆ ਹੈ। ਮੌਜੂਦਾ ਹਾਲਾਤ ਵਿਚ ਡੈਮ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਕਰੀਬ ਹੈ ਪਰ ਕੰਟਰੋਲ ਵਿਚ ਹੈ। ਡੈਮ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਵੀਰਵਾਰ ਪੌਂਗ ਡੈਮ ਤੋਂ ਟਰਬਾਈਨਾਂ ਅਤੇ ਸਪਿੱਲਵੇਅ ਗੇਟਾਂ ਰਾਹੀਂ ਕੁੱਲ੍ਹ 44671 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ 6 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 37139 ਕਿਊਸਿਕ ਦਰਜ ਕੀਤੀ ਗਈ ਅਤੇ ਡੈਮ ਦਾ ਜਲ ਪੱਧਰ 1390.28 ਫੁੱਟ ਮਾਪਿਆ ਗਿਆ ਜੋ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਤੋਂ 33171 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਛੱਡਿਆ ਜਾ ਰਿਹਾ ਹੈ।