ਬੌਲੀਵੁੱਡ ਅਦਾਕਾਰਾ ਪ੍ਰਾਚੀ ਦੇਸਾਈ ਨੇ ਫ਼ਿਲਮ ‘ਰਾਕ ਆਨ-2’ ਦੀ ਸਹਿ-ਅਦਾਕਾਰਾ ਸ਼ਰਧਾ ਕਪੂਰ ਨਾਲ ਉਨ੍ਹਾਂ ਦੀ ਟਕਰਾਰ ਸੰਬੰਧਿਤ ਖ਼ਬਰਾਂ ਨੂੰ ਇਕ ਮਖੌਲ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ‘ਚ ਚੰਗੀ ਨਿਭ ਰਹੀ ਹੈ। ਉਨ੍ਹਾਂ ਕਿਹਾ, ” ਇਸ ਤਰ੍ਹਾਂ ਦੀਆਂ ਗੱਲਾਂ ਪੂਰੀ ਤਰ੍ਹਾਂ ਮਜ਼ਾਕ ਹੈ। ਸਾਡਾ ਸਾਥ ਬਹੁਤ ਵਧੀਆ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਸ਼ਰਧਾ ਇਨ੍ਹਾਂ ਗੱਲਾਂ ਨੂੰ ਸੁਣੇਗੀ ਤਾਂ ਉਹ ਵੀ ਹੈਰਾਨ ਹੋ ਜਾਵੇਗੀ।”
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਆਈਆਂ ਸਨ ਕਿ 27 ਸਾਲਾ ਅਦਾਕਾਰਾ ਪ੍ਰਾਚੀ ਆਪਣੀ ਸਹਿ-ਅਦਾਕਾਰਾ ਸ਼ਰਧਾ ਨਾਲ ਅਸਹਿਜ ਮਹਿਸੂਸ ਕਰ ਰਹੀ ਹੈ। ਪ੍ਰਾਚੀ ਨੇ ਹੋਰ ਕਿਹਾ, ”ਜਦੋਂ ਲੋਕਾਂ ਕੋਲ ਕੁਝ ਕਹਿਣ ਲਈ ਨਹੀਂ ਹੁੰਦਾ ਤਾਂ ਉਹ ਇਹੋ-ਜਿਹੀਆਂ ਬਕਵਾਸ ਅਫ਼ਵਾਹਾਂ ਫ਼ੈਲਾਉਣ ਲੱਗ ਜਾਂਦੇ ਹਨ ਪਰ ਮੈਨੂੰ ਇਨ੍ਹਾਂ ਗੱਲਾਂ ਤੋਂ ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਬਹੁਤ ਚੰਗੇ ਦੋਸਤ ਹਾਂ ਅਤੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਹਾਂ ਦਾ ਸਾਥ ਕਾਫ਼ੀ ਵਧੀਆਂ ਰਿਹਾ ਹੈ। ਮੈਂ ਮੰਨਦੀ ਹਾਂ ਕਿ ਕੰਮ ‘ਚ ਰੁੱਝੀ ਹੋਣ ਕਰਕੇ ਮੈਂ ਅਕਸਰ ਉਨ੍ਹਾਂ ਨੂੰ ਨਹੀਂ ਮਿਲ ਪਾਉਂਦੀ ਪਰ ਇਸ ਨਾਲ ਸਾਡੇ ਰਿਸ਼ਤੇ ‘ਚ ਕੋਈ ਫ਼ਰਕ ਨਹੀਂ ਆਉਂਦਾ।”











