ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘੱਲੂਘਾਰੇ ਦੀ 41ਵੀਂ ਬਰਸੀ ਸਮਾਗਮ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਪਣੀ ਦੂਰ ਅੰਦੇਸ਼ੀ ਸੋਚ ਤੇ ਲਿਆਕਤ ਸਦਕਾ ਦਮਦਮੀ ਟਕਸਾਲ, ਨਿਹੰਗ ਸਿੰਘ ਜਥੇਬੰਦੀਆ ਤੇ ਟਾਸਕ ਫੋਰਸ ਦਰਮਿਆਨ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਹੋਣ ਵਾਲਾ ਟਕਰਾਅ ਟਾਲਣ ਤੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ’ਚ ਸਫਲ ਰਹੇ ਹਨ ਜਿਸ ਦੇ ਹਰ ਪਾਸੇ ਖੂਬ ਸ਼ਲਾਘਾ ਹੋ ਰਹੀ ਹੈ।
ਇਥੇ ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਸ਼ੁਰੂ ਤੋਂ ਹੀ ਵਿਰੋਧ ਕਰਨ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਇਸ ਵਾਰ 6 ਜੂਨ ਨੂੰ ਜਥੇ.ਗੜਗੱਜ ਨੂੰ ਸਿੱਖ ਕੋਮ ਦੇ ਨਾਮ ਸੰਦੇਸ਼ ਜਾਰੀ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਨਾ ਹੀ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨ ਦਾ ਯਤਨ ਕਰਨ, ਨਹੀ ਤਾਂ ਦਮਦਮੀ ਟਕਸਾਲ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ ਤੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਮਹੋਲ ਖਰਾਬ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ।
ਬਾਬਾ ਹਰਨਾਮ ਸਿੰਘ ਖਾਲਸਾ ਦੇ ਐਲਾਨ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆ ਨੇ ਵੀ ਜਥੇ.ਗੜਗੱਜ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਇਸ ਵਾਰ ਕੇਂਦਰ ਤੇ ਪੰਜਾਬ ਸਰਕਾਰ, ਦੇਸ਼ ਵਿਦੇਸ਼ ਦੀਆ ਸੰਗਤਾਂ, ਪੁਲਸ ਪ੍ਰਸ਼ਾਸ਼ਨ ਅਤੇ ਏਜੰਸੀਆਂ ਦੀਆ ਨਜ਼ਰਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਬਰਸੀਂ ਸਮਾਗਮ ’ਤੇ ਟਿਕੀਆਂ ਹੋਈਆਂ ਸਨ ਕਿਉਂਕਿ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਦੇ ਆਹਮੋ ਸਾਹਮਣੇ ਹੋਣ ਕਾਰਨ ਪੰਥ ਵਿਰੋਧੀ ਤਾਕਤਾਂ ਵੀ ਕੋਈ ਸ਼ਰਾਰਤ ਕਰ ਸਕਦੀਆਂ ਸਨ ਜਿਸ ਨਾਲ ਵੱਡਾ ਦੁਖਾਂਤ ਵਾਪਰਨ ਦਾ ਖਦਸ਼ਾ ਸੀ। ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਸੂਝ ਬੂਝ ਸਦਕਾ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਥੇ.ਗੜਗੱਜ ਕੋਲੋਂ ਸਨਮਾਨਤ ਕਰਵਾਉਣ ਦੀ ਬਜਾਏ ਖੁਦ ਸਨਮਾਨਤ ਕਰਨ ਦਾ ਜਿੰਮਾ ਸੰਭਾਲ ਲਿਆ ਜਿਸ ਨਾਲ ਸਾਰੀਆਂ ਹੀ ਧਿਰਾਂ ਦਾ ਅਸਮਾਨ ਚੜਿਆ ਗੁੱਸਾ ਸ਼ਾਂਤ ਹੋ ਗਿਆ ਤੇ ਬਰਸੀ ਸਮਾਗਮ ਸ਼ਾਂਤੀ ਪੂਰਵਕ ਸਪੰਨ ਹੋਇਆ।
ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਪ੍ਰਧਾਨ ਧਾਮੀ ਸੁਲਝੇ ਹੋਏ ਸਿੱਖ ਲੀਡਰ ਹਨ ਜਿਹੜੇ ਹਮੇਸ਼ਾਂ ਹੀ ਸ਼੍ਰੋਮਣੀ ਕਮੇਟੀ ਤੇ ਸਿੱਖ ਕੋਮ ਲਈ ਪੈਦਾ ਹੋਣ ਵਾਲੀਆਂ ਚੁਣੋਤੀਆਂ ਦਾ ਡੱਟ ਕੇ ਸਾਮਣਾ ਕਰਨ ਅਤੇ ਉਨ੍ਹਾਂ ਦਾ ਤੋੜ ਕੱਢਣ ’ਚ ਮਾਹਰ ਸਾਬਤ ਹੋਏ ਹਨ ਤੇ ਪ੍ਰਧਾਨਗੀ ਦੇ ਅਹੁੱਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵੀ ਸ਼ਾਇਦ ਇਸੇ ਕਾਰਨ ਹੀ ਅਕਾਲੀ ਲੀਡਰਸ਼ਿੱਪ, ਸਿੱਖ ਜਥੇਬੰਦੀਆਂ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਉਨ੍ਹਾਂ (ਧਾਮੀ) ’ਤੇ ਮੁੜ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਸੇਵਾ ਸੰਭਾਲਣ ਵਾਸਤੇ ਦਬਾਅ ਬਣਾਇਆ ਸੀ। ਸ੍ਰੀ ਅਕਾਲ ਤਖਤ ਸਾਹਿਬ ’ਤੇ ਸ਼ਾਂਤੀਪੂਰਵਕ ਬਰਸੀ ਸਮਾਗਮ ਸਪੰਨ ਹੋਣ ਤੋਂ ਬਾਅਦ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜਿਹੜੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਨਾਲ ਕਾਫੀ ਨਰਾਜ਼ ਨਜ਼ਰ ਆ ਰਹੇ ਸਨ। ਉਨ੍ਹਾਂ ਸਮੇਤ ਕੁਝ ਹੋਰ ਸਿੱਖ ਜਥੇਬੰਦੀਆਂ ਦੇ ਮੁਖੀ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਹਿਣਸ਼ੀਲਤਾ ਅਤੇ ਸਿਆਣਪ ਦੀ ਖੂਬ ਸ਼ਲਾਘਾ ਕਰਦੇ ਹੋਏ ਦਿਖਾਈ ਦਿੱਤੇ।















