ਬੌਲੀਵੁੱਡ ਵਿੱਚ ਰਾਧਿਕਾ ਆਪਟੇ ਉਸ ਅਦਾਕਾਰਾ ਦਾ ਨਾਮ ਹੈ ਜਿਸ ਨੇ ਸੱਤ ਭਾਰਤੀ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਅਦਾਕਾਰੀ ਕਰਨ ਦਾ ਰਿਕਾਰਡ ਬਣਾਉਣ ਦੇ ਨਾਲ ਕੌਮਾਂਤਰੀ ਪੱਧਰ ‘ਤੇ ਵੀ ਚੰਗੀ ਪ੍ਰਸਿੱਧੀ ਹਾਸਲ ਕੀਤੀ ਹੈ। ਡਾਕਟਰ ਮਾਤਾ-ਪਿਤਾ ਦੀ ਧੀ ਰਾਧਿਕਾ ਅੱਜ ਅੰਗਰੇਜ਼ੀ ਫ਼ਿਲਮਾਂ ਵੀ ਕਰ ਰਹੀ ਹੈ। ਉਹ ਇੱਕੋ-ਇੱਕ ਅਜਿਹੀ ਅਦਾਕਾਰਾ ਹੈ ਜਿਸ ਦੀਆਂ ਕਈ ਫ਼ਿਲਮਾਂ ਕੌਮਾਂਤਰੀ ਫ਼ਿਲਮ ਸਮਾਰੋਹਾਂ ‘ਚ ਧੁੰਮਾਂ ਪਾ ਚੁੱਕੀਆਂ ਹਨ। ਹਾਲਾਂਕਿ ਵਿਦੇਸ਼ ‘ਚ ਰਿਲੀਜ਼ ਹੋਈਆਂ ਉਸ ਦੀਆਂ ਕੁਝ ਫ਼ਿਲਮਾਂ ਭਾਰਤ ਵਿੱਚ ਰਿਲੀਜ਼ ਨਹੀਂ ਹੋਈਆਂ। ਇਨ੍ਹੀਂ ਦਿਨੀਂ ਜਿੱਥੇ ਉਹ ਪਵਨ ਕ੍ਰਿਪਲਾਨੀ ਨਿਰਦੇਸ਼ਿਤ ਆਪਣੀ ਨਵੀਂ ਫ਼ਿਲਮ ‘ਫ਼ੋਬੀਆ’ ਨੂੰ ਲੈ ਕੇ ਚਰਚਾ ਵਿੱਚ ਹੈ, ਉੱਥੇ ਹਾਲੀਵੁੱਡ ਨਿਰਦੇਸ਼ਕ ਬੈੱਨ ਰੇਖੀ ਦੀ ਫ਼ਿਲਮ ‘ਆਸ਼ਰਮ’ ਨਾਲ ਵੀ ਚਰਚਾ ‘ਚ ਹੈ ਜਿਸ ਵਿੱਚ ਉਹ ਅਮਰੀਕੀ ਕਲਾਕਾਰਾਂ ਨਾਲ ਕੰਮ ਕਰ ਰਹੀ ਹੈ। ਬੀਤੇ ਦਿਨੀਂ ਇਸ ਸਬੰਧ ‘ਚ ਰਾਧਿਕਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ ਪੇਸ਼ ਹਨ:
ਦ ਤੁਹਾਨੂੰ ਬੌਲੀਵੁੱਡ ਵਿੱਚ ਪਛਾਣ ਬਣਾਉਂਦਿਆਂ ਕਾਫ਼ੀ ਸਮਾਂ ਲੱਗ ਗਿਆ?
– ਮੈਂ ਹਮੇਸ਼ਾਂ ਚੰਗਾ ਕੰਮ ਕਰਨ ਨੂੰ ਤਰਜੀਹ ਦਿੱਤੀ ਹੈ। ਮੈਂ ਕਦੇ ਵੀ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਕਿਸ ਫ਼ਿਲਮ ਤੋਂ ਮੈਨੂੰ ਕੀ ਮਿਲਿਆ ਤੇ ਕੀ ਨਹੀਂ। ਮੈਂ ਸਿਰਫ਼ ਇਹ ਦੇਖਿਆ ਹੈ ਕਿ ਮੈਨੂੰ ਚੰਗਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਦੂਜੀ ਗੱਲ ‘ਰਕਤ ਚਰਿੱਤਰ’ ਅਤੇ ‘ਸ਼ੋਰ ਇਨ ਦਿ ਸਿਟੀ’ ਫ਼ਿਲਮਾਂ ‘ਚ ਅਦਾਕਾਰੀ ਕਰਨ ਤੋਂ ਬਾਅਦ ਮੈਂ ਡਾਂਸ ਦੀ ਸਿਖਲਾਈ ਲਈ ਲੰਡਨ ਚਲੀ ਗਈ ਸੀ ਅਤੇ ਪੂਰੇ ਦੋ ਸਾਲ ਉੱਥੇ ਰਹੀ। ਉਸ ਤੋਂ ਬਾਅਦ ਜਦੋਂ ਵਾਪਸ ਆਈ ਤਾਂ ‘ਬਦਲਾਪੁਰ’ ਫ਼ਿਲਮ ਮਿਲੀ। ਇਸ ਫ਼ਿਲਮ ਦੀ ਸਫ਼ਲਤਾ ਨੇ ਮੈਨੂੰ ਹਰ ਘਰ ਦਾ ਹਿੱਸਾ ਬਣਾ ਦਿੱਤਾ। ਹੁਣ ਤੁਸੀਂ ਖ਼ੁਦ ਸੋਚੋ ਐਨਾ ਸਮਾਂ ਤਾਂ ਲੱਗਣਾ ਹੀ ਸੀ।
ਦ ਤੁਹਾਡੀਆਂ ਪਹਿਲੀਆਂ ਫ਼ਿਲਮਾਂ ਦੇ ਮੁਕਾਬਲੇ ‘ਬਦਲਾਪੁਰ’ ਦਾ ਕਿਰਦਾਰ ਕਾਫ਼ੀ ਬੋਲਡ ਸੀ?
– ਮੈਂ ਇਸ ਤਰ੍ਹਾਂ ਕਦੇ ਨਹੀਂ ਸੋਚਿਆ। ਮੈਂ ਹਮੇਸ਼ਾਂ ਫ਼ਿਲਮ ਦੀ ਕਹਾਣੀ ਤੇ ਆਪਣੇ ਕਿਰਦਾਰ ਨੂੰ ਦੇਖਦੀ ਹਾਂ। ਫ਼ਿਲਮੀ ਦੁਨੀਆਂ ਦੇ ਬੋਲਡ ਕਿਰਦਾਰਾਂ ਰਾਹੀਂ ਪਰਦੇ ‘ਤੇ ਜੋ ਦਿਖਾਇਆ ਜਾਂਦਾ ਹੈ, ਅਸਲ ਵਿੱਚ ਉਹ ਸਭ ਉਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਦਿਖਾਈ ਦਿੰਦਾ ਹੈ ਜਾਂ ਪ੍ਰਚਾਰਿਆ ਜਾਂਦਾ ਹੈ।
ਦ ਕੀ ਅਦਾਕਾਰੀ ਨੂੰ ਲੈ ਕੇ ਤੁਹਾਡੀ ਸੋਚ ਬਦਲਦੀ ਜਾ ਰਹੀ ਹੈ?
– ਹਰ ਫ਼ਿਲਮ ਤੋਂ ਬਾਅਦ ਫ਼ਿਲਮਾਂ ਤੇ ਅਦਾਕਾਰੀ ਨੂੰ ਲੈ ਕੇ ਮੇਰੀ ਸੋਚ ਤੇ ਪਹੁੰਚ ਬਦਲੀ ਹੈ। ਇਸ ਲਈ ਮੈਂ ਹਮੇਸ਼ਾਂ ਹਰ ਫ਼ਿਲਮ ਨਾਲ ਅੱਗੇ ਵਧਣ ਤੇ ਆਪਣੀ ਕਲਾ ਨੂੰ ਨਿਖਾਰਨ ਦੀ ਕੋਸ਼ਿਸ਼ ਕਰਦੀ ਹਾਂ।











