ਪੁਆੜਾ ਹੈ ਪੰਜਾਬੀ ਇੰਡਸਟਰੀ ‘ਚ ਤਾਲਾਬੰਦੀ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਵੱਡੇ ਬਜਟ ਦੀ ਮਨੋਰੰਜਨ ਨਾਲ ਭਰਪੂਰ ਫ਼ਿਲਮ
ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਪੰਜਾਬੀ ਫ਼ਿਲਮ ਪੁਆੜਾ 12 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ, ਅਤੇ ਓਦੋਂ ਤੋਂ ਇਹ ਫ਼ਿਲਮ ਦੁਨੀਆਂ ਭਰ ਦੇ ਸਿਨੇਮਾਘਰਾਂ ‘ਚ ਹਾਊਸਫ਼ੁੱਲ ਚੱਲ ਰਹੀ ਹੈ। ਪੁਆੜਾ ਨੇ ਪਹਿਲੇ ਨੌਂ ਦਿਨਾਂ ‘ਚ ਹੀ 11.50 ਕਰੋੜ ਰੁਪਏ ਕਮਾ ਲਏ ਸਨ। ਹੁਣ ਇਸ ਫ਼ਿਲਮ ਨੂੰ ਦੋ ਹਫ਼ਤੇ ਪੂਰੇ ਕਰ ਲਏ ਹਨ ਅਤੇ ਹਾਲੇ ਵੀ ਟੌਪ ‘ਤੇ ਚੱਲ ਰਹੀ ਹੈ। ਐਮੀ ਵਿਰਕ ਅਤੇ ਸੋਨਮ ਬਾਜਵਾ ਫ਼ਿਲਮ ਨੂੰ ਮਿਲ ਰਹੇ ਦਰਸ਼ਕਾਂ ਦੇ ਪਿਆਰ ਅਤੇ ਤਾਰੀਫ਼ਾਂ ਤੋਂ ਖ਼ੁਸ਼ ਹਨ।
ਐਮੀ ਕਹਿੰਦੈ, ਪੁਆੜਾ ਨੇ ਸਾਬਿਤ ਕਰ ਦਿੱਤਾ ਹੈ ਕਿ ਜਦੋਂ ਵੀ ਚੰਗਾ ਕੌਨਟੈਂਟ ਆਉਂਦਾ ਹੈ ਤਾਂ ਦਰਸ਼ਕ ਸਿਨੇਮਾਘਰਾਂ ਵੱਲ ਖਿੱਚੇ ਚਲੇ ਆਉਂਦੇ ਹਨ। ਪੂਰੀ ਪੰਜਾਬੀ ਇੰਡਸਟਰੀ ਤਾਲਾਬੰਦੀ ਤੋਂ ਬਾਅਦ ਮੁੜ ਤੋਂ ਬੌਕਸ ਆਫ਼ਿਸ ‘ਤੇ ਕਿਸੇ ਫ਼ਿਲਮ ਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਪੁਆੜਾ ਨੇ ਸਾਰਿਆਂ ਨੂੰ ਰਾਹ ਦਿਖਾ ਦਿੱਤਾ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਫ਼ਿਲਮ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਤੇ ਇਹ ਅਸਲ ‘ਚ ਇੱਕ ਆਸ਼ੀਰਵਾਦ ਹੈ।”
ਪੁਆੜਾ ਪੰਜਾਬੀ ਇੰਡਸਟਰੀ ‘ਚ ਤਾਲਾਬੰਦੀ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਵੱਡੇ ਬਜਟ ਦੀ ਮਨੋਰੰਜਨ ਨਾਲ ਭਰਪੂਰ ਫ਼ਿਲਮ ਹੈ। ਡੇਢ ਸਾਲ ਤੋਂ ਵੱਧ ਸਮੇਂ ਤੋਂ ਦਰਸ਼ਕ ਸਿਨੇਮਾਘਰਾਂ ‘ਚ ਵਾਪਿਸ ਆਉਣ ਅਤੇ ਇੱਕ ਚੰਗੀ ਕਾਮੇਡੀ ਦੀ ਖੁਰਾਕ ਹਾਸਿਲ ਕਰਨ ਦੇ ਇੰਤਜ਼ਾਰ ‘ਚ ਸਨ। ਸੋਨਮ ਬਾਜਵਾ ਕਹਿੰਦੀ ਹੈ, ”ਕਾਮੇਡੀ ਦੇਖਣ ‘ਚ ਸੌਖੀ ਲੱਗਦੀ ਹੈ, ਪਰ ਲੋਕਾਂ ਨੂੰ ਹਸਾਉਣਾ ਅਤੇ ਚੰਗਾ ਸਮਾਂ ਬਤੀਤ ਕਰਾਉਣਾ ਸੌਖਾ ਨਹੀਂ ਕਿਉਂਕਿ ਇਸ ਨੂੰ ਸਹੀ ਤਰੀਕੇ ਨਿਭਾਉਣਾ ਸਭ ਤੋਂ ਮੁਸ਼ਕਿਲ ਕੰਮਾਂ ‘ਚੋਂ ਇੱਕ ਹੈ। ਅਸੀਂ ਅਜਿਹੇ ਸਮੇਂ ਲਈ ਧੰਨਵਾਦੀ ਹਾਂ ਕਿ ਅਸੀਂ ਦਰਸ਼ਕਾਂ ਨੂੰ ਓਹੀ ਦਿੱਤਾ ਜੋ ਉਹ ਚਾਹੁੰਦੇ ਸਨ। ਕੁੱਝ ਅਜਿਹਾ ਜਿਸ ਦਾ ਉਹ ਆਪਣੇ ਪੂਰੇ ਪਰਿਵਾਰ ਨਾਲ ਸਿਨੇਮਾਘਰਾਂ ‘ਚ ਆ ਕੇ ਆਨੰਦ ਮਾਣ ਸਕਣ।”
ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਨਿਰਮਾਤਾ ਇਸ ਗੱਲ ਤੋਂ ਖ਼ੁਸ਼ ਹਨ ਕਿ ਫ਼ਿਲਮ ਨੂੰ ਰਿਲੀਜ਼ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਨੇ ਉਨ੍ਹਾਂ ਲਈ ਅਤੇ ਪੂਰੀ ਪੰਜਾਬੀ ਫ਼ਿਲਮ ਇੰਡਸਟਰੀ ਲਈ ਸਾਕਾਰਾਤਮਕ ਕੰਮ ਕੀਤਾ ਹੈ। ਨਿਰਮਾਤਾ ਪਵਨ ਗਿੱਲ ਕਹਿੰਦੇ ਹਨ, ”ਦਰਸ਼ਕਾਂ ਨੂੰ ਚੰਗੀ ਕੁਆਲਿਟੀ ਦਾ ਮਨੋਰੰਜਨ ਦੇਣ ਦੇ ਨਾਲ-ਨਾਲ ਉਨ੍ਹਾਂ ‘ਤੇ ਲੋਕਾਂ ਨੂੰ ਸਿਨੇਮਾਘਰਾਂ ‘ਚ ਵਾਪਿਸ ਲਿਆਉਣ ਦਾ ਵੀ ਬਹੁਤ ਦਬਾਅ ਸੀ। ਪੁਆੜਾ ਦੀ ਸਫ਼ਲਤਾ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਆਪਣੀਆਂ ਫ਼ਿਲਮਾਂ ਨੂੰ ਰਿਲੀਜ਼ ਲਈ ਤਿਆਰ ਕਰ ਰਹੀ ਹੈ ਅਤੇ ਇਹ ਸਾਡੇ ਸਾਰਿਆਂ ਲਈ ਇੱਕ ਬਹੁਤ ਚੰਗਾ ਸੰਕੇਤ ਹੈ। ਪੰਜਾਬੀ ਦਰਸ਼ਕ ਇੱਕ ਵਾਰ ਮੁੜ ਵੱਡੇ ਪਰਦੇ ‘ਤੇ ਫ਼ਿਲਮਾਂ ਦਾ ਆਨੰਦ ਲੈ ਸਕਦੇ ਹਨ।”
ਨਿਰਮਾਤਾ ਅਤੁਲ ਭੱਲਾ ਨੇ ਕਿਹਾ, ”ਨਿਰਮਾਤਾਵਾਂ ਨੇ ਦਿਲਜੀਤ ਦੋਸਾਂਝ ਨਾਲ ਛੜਾ ਦੇ ਨਾਲ ਪਿਛਲੀ ਵਾਰ ਬੌਕਸ ਆਫ਼ਿਸ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ, ਅਤੇ ਹੁਣ ਉਹ ਆਪਣੇ ਪੁਆੜਾ ਨਾਲ ਵੀ ਅਜਿਹਾ ਹੀ ਕਰ ਰਹੇ ਹਨ। ਦਰਸ਼ਕਾਂ ਨੂੰ ਲਗਾਤਾਰ ਮਨੋਰੰਜਨ ਦੇਣਾ ਬਹੁਤ ਚੰਗਾ ਲੱਗਦਾ ਹੈ ਅਤੇ ਅਸੀਂ ਭਵਿੱਖ ‘ਚ ਵੀ ਆਪਣੇ ਦਰਸ਼ਕਾਂ ਲਈ ਅਜਿਹਾ ਹੀ ਮਨੋਰੰਜਨ ਅੱਗੇ ਵੀ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ।” ਪੁਆੜਾ ਹੁਣ ਦੁਨੀਆਂ ਹੁਣ ਵੀ ਭਰ ਦੇ ਸਿਨੇਮਾਘਰਾਂ ‘ਚ ਸਫ਼ਲਤਾਪੂਰਵਕ ਚੱਲ ਰਹੀ ਹੈ।











