ਪਾਕਿਸਤਾਨੋਂ ਆਏ ਗੁਬਾਰੇ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ

2ਦੀਨਾਨਗਰ: ਗੁਰਦਾਸਪੁਰ ਦੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਨੇੜੇ ਇੱਕ ਕਿਸਾਨ ਦੇ ਖੇਤ ਵਿੱਚੋਂ ਪਾਕਿਸਤਾਨੀ ਗੁਬਾਰਾ ਬਰਾਮਦ ਹੋਇਆ ਹੈ। ਇਸ ‘ਤੇ ਪ੍ਰਿੰਟ ਪਾਕਿਸਤਾਨੀ ਝੰਡੇ ਦੇ ਬਿਲਕੁਲ ਥੱਲੇ ‘ਆਈ ਲਵ ਪਾਕਿਸਤਾਨ’ ਲਿਖਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਤੇ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।
ਥਾਣਾ ਦੀਨਾਨਗਰ ਦੇ ਐਸ.ਐਚ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਕੋਠੇ ਲੋਹਗੜ੍ਹ ਵਿੱਚ ਕਿਸਾਨ ਆਪਣੇ ਖੇਤਾਂ ਵਿੱਚ ਘਾਹ ਵੱਢ ਰਿਹਾ ਸੀ। ਇਸ ਦੌਰਾਨ ਉਸ ਦੇ ਬੱਚਿਆਂ ਨੂੰ ਗੁਬਾਰਾ ਲੱਭਿਆ। ਗੁਬਾਰੇ ਵਿੱਚ ਗੈਸ ਖਤਮ ਹੋ ਗਈ ਸੀ।
ਜਦੋਂ ਬੱਚਿਆਂ ਨੇ ਗੁਬਾਰੇ ਨੂੰ ਖੋਲ੍ਹਿਆਂ ਤਾਂ ਉਹ ਫਟ ਗਿਆ। ਕਿਸਾਨ ਨੇ ਇਸ ਗੁਬਾਰੇ ਬਾਰੇ ਥਾਣਾ ਦੀਨਾਨਗਰ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਗੁਬਾਰੇ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਐਸ.ਐਚ.ਓ. ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਤੇ ਸੁਰੱਖਿਆਂ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਹੀ ਪਾਕਿਸਤਾਨ ਵੱਲੋਂ ਘੁਸਪੈਠ ਕਰਕੇ ਆਏ ਅੱਤਵਾਦੀਆਂ ਵੱਲੋਂ ਦੀਨਾਨਗਰ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਗਿਆ ਸੀ। ਇਹੀ ਨਹੀਂ ਪਿਛਲੇ ਮਹੀਨੇ ਇੱਥੋਂ ਹੀ ਸਰਹੱਦ ਪਾਰ ਤੋਂ ਆਇਆ ਕਬੂਤਰ ਵੀ ਮਿਲਿਆ ਸੀ। ਇਸ ‘ਤੇ ਆਸਿਫ ਨਾਂ ਤੋਂ ਇਲਾਵਾ ਇੱਕ ਕੋਡ ਲਿਖਿਆ ਹੋਇਆ ਸੀ।