ਚੰਡੀਗਡ਼੍ਹ – ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਆਪਣੀ ਹਾਰ ਨੂੰ ਵੇਖ ਕੇ ਅਕਾਲੀਆਂ ਵੱਲੋਂ ਹਰ ਹੀਲਾ-ਵਸੀਲਾ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਡੀਆ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਉਨਾਂ ਕਿਹਾ ਕਿ ਬਟਾਲਾ ਵਿਖੇ ਇੱਕ ਅਕਾਲੀ ਆਗੂ ਨੇ ਨੀਲੇ ਕਾਰਡਾਂ ਉਤੇ ਆਪਣੀ ਮੋਹਰ ਅਤੇ ਹਸਤਾਖਰ ਕਰਕੇ ਜਨਤਾ ਵਿੱਚ ਵੰਡੇ ਹਨ, ਜੋ ਕਿ ਨਿਯਮਾਂ ਦੇ ਬਿਲਕੁਲ ਖਿਲਾਫ ਹੈ। ਉਨਾਂ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਅਜਿਹਾ ਸਿਰਫ ਲੋਕਾਂ ਨੂੰ ਭਰਮਾਉਣ ਲਈ ਕੀਤਾ ਜਾ ਰਿਹਾ ਹੈ, ਜਦਕਿ ਲੋਕ ਅਕਾਲੀਆਂ ਦੇ ਇਨਾਂ ਪੈਂਤਡ਼ਿਆਂ ਨੂੰ ਚੰਗੀ ਤਰਾਂ ਜਾਣ ਗਏ ਹਨ।
ਪੰਜਾਬ ਕਨਵੀਨਰ ਨੇ ਕਿਹਾ ਕਿ ਸੱਤਾ ਨੂੰ ਹੱਥ ਵਿੱਚੋਂ ਜਾਂਦਾ ਵੇਖ ਕੇ ਅਕਾਲੀਆਂ ਨੇ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਹਰ ਕਿਸੇ ਦੇ ਨੀਲੇ ਕਾਰਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਦਕਿ ਅਸਲ ਲੋਡ਼ਵੰਦਾਂ ਨੂੰ ਉਨਾਂ ਦਾ ਹੱਕ ਨਹੀਂ ਮਿਲ ਰਿਹਾ। ਵਡ਼ੈਚ ਨੇ ਕਿਹਾ ਕਿ ਲੋਡ਼ਵੰਦ ਲੋਕਾਂ ਨੂੰ ਇਹ ਕਾਰਡ ਬਣਵਾਉਣ ਲਈ ਧੱਕੇ ਖਾਣੇ ਪੈ ਰਹੇ ਹਨ, ਪਰ ਫਿਰ ਵੀ ਉਨਾਂ ਦੇ ਕਾਰਡ ਨਹੀਂ ਬਣ ਰਹੇ, ਜਿਸ ਕਾਰਨ ਲੋਕਾਂ ਦਾ ਇਸ ਅਕਾਲੀ-ਭਾਜਪਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ।
ਵਡ਼ੈਚ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਆਟਾ ਦਾਲ ਸਕੀਮ ਨੂੰ ਹੋਰ ਕਾਰਗਰ ਬਣਾਉਂਦਿਆਂ ਪੰਜ ਲੱਖ ਯੋਗ ਵਿਅਕਤੀਆਂ ਦੇ ਕਾਰਡ ਬਣਾ ਕੇ ਉਨਾਂ ਨੂੰ ਆਟਾ-ਦਾਲ ਸਕੀਮ ਅਧੀਨ ਲਿਆਂਦਾ ਜਾਵੇਗਾ। ਉਨਾਂ ਕਿਹਾ ਕਿ ਲੋਡ਼ਵੰਦਾਂ ਲਈ ਅਜਿਹੇ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰਾਂ ਪਾਰਦਰਸ਼ੀ ਰੱਖਿਆ ਜਾਵੇਗਾ ਅਤੇ ਕਿਸੇ ਕਿਸਮ ਦੀ ਧਾਂਦਲੀ ਨਹੀਂ ਹੋਣ ਦਿੱਤੀ ਜਾਵੇਗੀ। ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਧਾਂਦਲੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਲੋਡ਼ਵੰਦਾਂ ਦੇ ਕਾਰਡ ਨਾ ਬਣਨ ਲਈ ਜਿਹਡ਼ੇ ਵੀ ਅਧਿਕਾਰੀ ਦੋਸ਼ੀ ਪਾਏ ਗਏ, ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਵਡ਼ੈਚ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਪਾਰਟੀ ਵੱਲੋਂ ਚੋਣ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਤਾਂ ਜੋ ਅਕਾਲੀਆਂ ਦੀਆਂ ਮਨਮਾਨੀਆਂ ਅਤੇ ਧੱਕੇਸ਼ਾਹੀਆਂ ਨੂੰ ਰੋਕਿਆ ਜਾ ਸਕੇ।















