ਕੋਝੀਕੋਡ – ਕੇਰਲ ‘ਚ ਮਲਪੁਰਮ ਦੇ 14 ਸਾਲਾ ਇਕ ਮੁੰਡੇ ਦੀ ਨਿਪਾਹ ਵਾਇਰਸ ਨਾਲ ਐਤਵਾਰ ਨੂੰ ਮੌਤ ਹੋ ਗਈ। ਉਸ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਸੀ। ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਇਹ ਜਾਣਕਾਰੀ ਦਿੱਤੀ। ਜਾਰਜ ਨੇ ਦੱਸਿਆ ਕਿ ਪਾਂਡਿਕਕੜ ਵਾਸੀ ਮੁੰਡੇ ਨੂੰ ਐਤਵਾਰ ਸਵੇਰੇ 10.50 ਵਜੇ ਦਿਲ ਦਾ ਦੌਰਾ ਪਿਆ ਅਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਜਾਰਜ ਨੇ ਕਿਹਾ,”ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਸੀ। ਦਿਲ ਦਾ ਦੌਰਾ ਪੈਣ ਬਾਅਦ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਅਤੇ ਸਵੇਰੇ 11.30 ਵਜੇ ਉਸ ਦੀ ਮੌਤ ਹੋ ਗਈ।” ਮੰਤਰੀ ਨੇ ਕਿਹਾ ਕਿ ਉਸ ਦਾ ਅੰਤਿਮ ਸੰਸਕਾਰ ਅੰਤਰਰਾਸ਼ਟਰੀ ਪ੍ਰੋਟੋਕਾਲ ਦੇ ਅਨੁਰੂਪ ਕੀਤਾ ਜਾਵੇਗਾ। ਜਾਰਜ ਨੇ ਕਿਹਾ,”ਜ਼ਿਲ੍ਹਾ ਅਧਿਕਾਰੀ ਮੁੰਡੇ ਦੇ ਮਾਤਾ-ਪਿਤਾ ਅਤੇ ਪਰਿਵਾਰ ਨਾਲ ਗੱਲਬਾਤ ਕਰਨਗੇ ਅਤੇ ਉਸ ਤੋਂ ਬਾਅਦ ਹੀ ਅੰਤਿਮ ਸੰਸਕਾਰ ਬਾਰੇ ਕੋਈ ਫ਼ੈਸਲਾ ਕੀਤਾ ਜਾਵੇਗਾ।”
ਕੀ ਹੈ ਨਿਪਾਹ ਵਾਇਰਸ ?
ਨਿਪਾਹ ਵਾਇਰਸ (NiV) ਜਾਨਵਰਾਂ ਤੋਂ ਇਨਸਾਨਾਂ ‘ਚ ਫੈਲਣ ਵਾਲੀ ਬੀਮਾਰੀ ਹੈ। ਇਸ ਨੂੰ ਜ਼ੂਨੋਟਿਕ ਬੀਮਾਰੀ ਕਿਹਾ ਜਾਂਦਾ ਹੈ। ਇਹ ਚਮਗਾਦੜਾਂ ਅਤੇ ਸੂਰਾਂ ਤੋਂ ਇਨਸਾਨਾਂ ‘ਚ ਫੈਲ ਸਕਦਾ ਹੈ। ਇਹ ਵਾਇਰਸ ਬੁਖਾਰ, ਉਲਟੀਆਂ, ਸਾਹ ਦੀ ਬੀਮਾਰੀ ਅਤੇ ਦਿਮਾਗ ‘ਚ ਸੋਜ ਦਾ ਕਾਰਨ ਬਣ ਸਕਦਾ ਹੈ।
ਲੱਛਣ ਕੀ ਹਨ?
ਵਾਇਰਲ ਬੁਖਾਰ ਦੇ ਆਮ ਲੱਛਣਾਂ ਨੂੰ ਪੈਦਾ ਕਰਨ ਤੋਂ ਇਲਾਵਾ ਇਹ ਲਾਗ ਦਿਮਾਗੀ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਸੈਂਟਰਲ ਨਰਵਸ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਜਿਸ ਦੇ ਨਤੀਜੇ ਵਜੋਂ ਦਿਮਾਗ ਦੀ ਸੋਜ ਜਾਂ ਇਨਸੇਫਲਾਈਟਿਸ ਹੋ ਜਾਂਦੀ ਹੈ। ਇਸ ਕਾਰਨ ਮਰੀਜ਼ 24 ਤੋਂ 48 ਘੰਟਿਆਂ ‘ਚ ਕੋਮਾ ‘ਚ ਜਾ ਸਕਦਾ ਹੈ।















