ਨਿਤੀਸ਼ ਕੁਮਾਰ ਦੀ ਸਿਆਸੀ ਦਿਸ਼ਾ ਅਤੇ ਦਸ਼ਾ ਤੈਅ ਕਰਨਗੀਆਂ ਲੋਕ ਸਭਾ ਚੋਣਾਂ

ਬਿਹਾਰ- ਇਸ ਵਾਰ ਬਿਹਾਰ ਦੀਆਂ 40 ਸੰਸਦੀ ਸੀਟਾਂ ਲਈ 7 ਪੜਾਵਾਂ ’ਚ ਹੋਣ ਵਾਲੀਆਂ ਚੋਣਾਂ ਐੱਨ.ਡੀ.ਏ. ਅਤੇ ‘ਇੰਡੀਆ’ ਗੱਠਜੋੜ ਦੀ ਹਾਰ-ਜਿੱਤ ਦਾ ਫੈਸਲਾ ਹੀ ਨਹੀਂ ਕਰਨਗੀਆਂ, ਸਗੋਂ ਸੂਬੇ ਦੇ ਸਭ ਤੋਂ ਲੰਬੇ ਕਾਰਜਕਾਲ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਵੀ ਤੈਅ ਕਰ ਦੇਣਗੀਆਂ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਿਹਾਰ ’ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਅਤੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਵਿਚਾਲੇ ਸਿੱਧਾ ਮੁਕਾਬਲਾ ਹੈ ਅਤੇ ਕਦੇ ਇਧਰ ਤੇ ਕਦੇ ਉਧਰ ਦੀ ਸਿਆਸਤ ਦਾ ਤਮਗਾ ਲੈ ਕੇ ਘੁੰਮ ਰਹੇ ਨਿਤੀਸ਼ ਕੁਮਾਰ ਹੁਣ ਜਨਤਾ ਦੇ ਰਾਡਾਰ ’ਤੇ ਵੀ ਹਨ।
ਵਾਰ ਵਾਰ ਪਲਟੀ ਮਾਰਨਾ ਪੈ ਰਿਹਾ ਮਹਿੰਗਾ
ਸਾਬਕਾ ਪ੍ਰੋਫੈਸਰ ਅਤੇ ਵੱਕਾਰੀ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ (ਟੀ. ਆਈ. ਐੱਸ. ਐੱਸ.) ਦੇ ਚੇਅਰਮੈਨ ਪੁਸ਼ਪੇਂਦਰ ਕੁਮਾਰ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਾ ਸਿਰਫ ਨਿਤੀਸ਼, ਸਗੋਂ ਉਨ੍ਹਾਂ ਦੀ ਪਾਰਟੀ ਜਦ (ਯੂ.) ਵੀ ਲਲਨ ਸਿੰਘ ਯੁੱਗ ਤੋਂ ਪਹਿਲਾਂ ਅਤੇ ਬਾਅਦ ’ਚ ਗੰਭੀਰ ਅੰਦਰੂਨੀ ਧੜੇਬੰਦੀ ਤੋਂ ਪ੍ਰਭਾਵਿਤ ਹੋਈ ਹੈ। ਭਾਰਤੀ ਰਾਜਨੀਤੀ ਦੇ ਇਤਿਹਾਸ ’ਚ ਕਿਸੇ ਮੌਜੂਦਾ ਮੁੱਖ ਮੰਤਰੀ ਵੱਲੋਂ ਵਾਰ-ਵਾਰ ਪਲਟੀ ਮਾਰਨ ਦੀ ਘਟਨਾ ਕਾਰਨ ਪਾਰਟੀ ਕੇਡਰ ਨੂੰ ਬਿਹਾਰ ਦੇ ਵੋਟਰਾਂ ਨੂੰ ਸਮਝਾਉਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕਹਿੰਦੇ ਹਨ ਕਿ ਬਿਹਾਰੀਆਂ ਨੂੰ ‘ਪਲਟੂ’ ਦੇ ਰੂਪ ’ਚ ਟੈਗ ਕੀਤਾ ਜਾਣਾ ਪਸੰਦ ਨਹੀਂ ਹੈ, ਜੋ ਕਿ ਪੁਰਾਣੇ ‘ਆਇਆ ਰਾਮ, ਗਿਆ ਰਾਮ’ ਨਾਲੋਂ ਵੱਧ ਅਪਮਾਨਜਨਕ ਸ਼ਬਦ ਹੈ ਪਰ ਮੈਨੂੰ ਫੀਡਬੈਕ ਮਿਲਿਆ ਹੈ ਕਿ ਉਨ੍ਹਾਂ ਦੇ ਵਾਰ-ਵਾਰ ਪਾਲਾ ਬਦਲਣ ਨਾਲ ਪੂਰੀ ਦੁਨੀਆ ’ਚ ਸੂਬੇ ਦੇ ਲੋਕਾਂ ਨੂੰ ਸਮਝਾਉਣ ’ਚ ਦਿੱਕਤ ਹੋ ਰਹੀ ਹੈ।
ਜਾਤ ਅਤੇ ਧਰਮ ਆਧਾਰਿਤ ਰਾਜਨੀਤੀ ਵਾਪਸ ਆਈ
ਪੁਸ਼ਪੇਂਦਰ ਕੁਮਾਰ ਨੇ ਕਿਹਾ ਕਿ ਨਿਤੀਸ਼ ਕੁਮਾਰ ਲਾਲੂ ਰਾਜ ’ਤੇ ਸਵਾਰ ਹੋ ਗਏ ਅਤੇ ਲੋਕਾਂ ਨੇ ਜਾਤ ਅਤੇ ਧਰਮ ਤੋਂ ਪਰੇ ਜਾ ਕੇ ਉਨ੍ਹਾਂ ਨੂੰ ਭਾਰੀ ਵੋਟਾਂ ਪਾਈਆਂ ਪਰ ਹੁਣ ਸਥਿਤੀ ਵੱਖਰੀ ਹੈ। ਜੇ ਤੁਸੀਂ ਟਿਕਟ ਵੰਡ ਦੇ ਪੈਟਰਨ ’ਤੇ ਨਜ਼ਰ ਮਾਰੋ ਤਾਂ ਜਾਤ ਅਤੇ ਧਰਮ ਵਾਲੀ ਰਾਜਨੀਤੀ ਵਾਪਸ ਆ ਗਈ ਹੈ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਕੋਲ ਪਿਛਲੇ ਦੋ ਕਾਰਜਕਾਲਾਂ ਲਈ ਚੰਗੇ ਵਿਚਾਰ ਖਤਮ ਹੋ ਗਏ ਹਨ। ਤੇਜਸਵੀ ਯਾਦਵ ਦੀ ਆਰ. ਜੇ. ਡੀ. ਦੇ ਨਾਲ ਉਨ੍ਹਾਂ ਦੇ ਆਖਰੀ ਗੱਠਜੋੜ ਨੇ ਰੁਜ਼ਗਾਰ ਦੇ ਮੋਰਚੇ ’ਤੇ ਲੋਕਾਂ ’ਚ ਕੁਝ ਉਮੀਦ ਜਗਾਈ ਹੈ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਲੋਕ-ਪੱਖੀ ਵਿਕਾਸ ਨੂੰ ਪਿੱਛੇ ਛੱਡ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਨਿਤੀਸ਼ ਕੁਮਾਰ ਸੂਬੇ ’ਚ ਆਯੋਜਿਤ ਪੀ. ਐੱਮ. ਮੋਦੀ ਦੀ ਰੈਲੀ ’ਚੋਂ ਗਾਇਬ ਪਾਏ ਗਏ ਸਨ, ਜਿਸ ਤੋਂ ਬਾਅਦ ਕਈ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ।