ਨਸ਼ੇ ਦੀ ਦਲਦਲ ‘ਚ ਫਸੀ ਪੰਜਾਬ ਦੀ ਨੌਜਵਾਨ ਪੀੜ੍ਹੀ : ਰਾਹੁਲ

2015_11image_07_20_06328000006btdh37-llਰਾਮਾਂ ਮੰਡੀ -ਪੰਜਾਬ ਵਿਚ ਦੋ ਦਿਨਾ ਦੌਰੇ ਵਿਚ ਰਾਹੁਲ ਗਾਂਧੀ ਨੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਚੁੱਕਿਆ ਅਤੇ ਪੁਲਸ ਦੀ ਗੋਲੀ ਦੇ ਸ਼ਿਕਾਰ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ, ਉਥੇ ਹੀ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਤੇ ਸਿੱਖ ਵੋਟਰਾਂ ਵਿਚ ਵੀ ਸੰਨ੍ਹਮਾਰੀ ਕਰਨ ਤੋਂ ਪਿੱਛੇ ਨਹੀਂ ਹਟੇ।  ਰਾਹੁਲ ਗਾਂਧੀ ਰਾਤ ਭਰ ਬਠਿੰਡਾ ਵਿਚ ਸਰਕਟ ਹਾਊਸ ਵਿਚ ਕਰਵਟ ਲੈਂਦੇ ਰਹੇ ਅਤੇ ਸਵੇਰੇ 7 ਵਜੇ ਦਮਦਮਾ ਸਾਹਿਬ ਵੱਲ ਰਵਾਨਾ ਹੋਏ। ਇਸ ਤੋਂ ਬਾਅਦ ਉਨ੍ਹਾਂ ਤਲਵੰਡੀ ਤੇ ਰਾਮਾਂ ਮੰਡੀ ਦੇ ਚਾਰ ਪਿੰਡਾਂ ਵਿਚ ਜਾ ਕੇ ਕਿਸਾਨਾਂ ਦਾ ਹਾਲ-ਚਾਲ ਪੁੱਛਿਆ। ਸਭ ਤੋਂ ਪਹਿਲਾਂ ਉਹ ਪਿੰਡ ਭਗਵਾਨਗੜ੍ਹ ਵਿਚ ਮ੍ਰਿਤਕ ਕਿਸਾਨ ਜਗਦੇਵ ਸਿੰਘ ਦੇ ਘਰ ਪਹੁੰਚੇ। ਉਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਪ੍ਰਗਟ ਕਰਦੇ ਹੋਏ 1 ਲੱਖ ਰੁਪਏ ਆਪਣੀ ਜੇਬ ਵਿਚੋਂ ਦਿੱਤੇ। ਉਥੋਂ ਉਨ੍ਹਾਂ ਦਾ ਕਾਫਿਲਾ ਲੱਗਭਗ 8 ਕਿਲੋਮੀਟਰ ਪੈਦਲ ਚੱਲਿਆ ਅਤੇ ਰਾਹ ਵਿਚ ਕਿਸਾਨਾਂ ਦਾ ਹਾਲ-ਚਾਲ ਪੁੱਛਦੇ ਅਤੇ ਫਸਲਾਂ ਵੇਖਦੇ ਗਏ। ਉਨ੍ਹਾਂ ਰਾਹ ਵਿਚ ਆਏ ਬੱਚਿਆਂ, ਕਿਸਾਨਾਂ, ਬਜ਼ੁਰਗਾਂ ਤੇ ਦਲਿਤਾਂ ਦਾ ਹਾਲ ਜਾਣਿਆ। ਰਾਹੁਲ ਦੀ ਪੈਦਲ ਯਾਤਰਾ ਦੌਰਾਨ ਉਨ੍ਹਾਂ ਦੀ ਯਾਤਰਾ ਅਤੇ ਅਕਾਲੀਆਂ ਦਾ ਘਰ ‘ਚ ਲੁਕੇ ਰਹਿਣਾ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਰਾਹੁਲ ਗਾਂਧੀ ਭਗਵਾਨਗੜ੍ਹ ਤੋਂ ਬਾਅਦ ਪਿੰਡ ਦੁੰਨੇਵਾਲਾ, ਮਲਵਾਲਾ ਤੇ ਮਾਨਵਾਲਾ ਵਲ ਚਲੇ ਗਏ। ਪਿੰਡ ਮਲਵਾਲਾ ਵਿਚ ਕਿਸਾਨਾਂ ਦੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ 2017 ਵਿਚ ਕਾਂਗਰਸ ਦੀ ਹੀ ਸਰਕਾਰ ਬਣੇਗੀ ਕਿਉਂਕਿ ਪੰਜਾਬ ਦਾ ਹਰੇਕ ਵਰਗ ਮੌਜੂਦਾ ਸਰਕਾਰ ਤੋਂ ਬੁਰੀ ਤਰ੍ਹਾਂ ਨਿਰਾਸ਼ ਹੈ। ਪੰਜਾਬ ਵਿਚ ਸਿਰਫ ਬਾਦਲ ਤੇ ਅਕਾਲੀਆਂ ਦਾ ਹੀ ਭਵਿੱਖ ਨਜ਼ਰ ਆਉਂਦਾ ਹੈ, ਆਮ ਜਨਤਾ ਦਾ ਨਹੀਂ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਵੰਡਣ ਆਏ ਹਨ ਪਰ ਇਥੇ ਉਨ੍ਹਾਂ ਦੀ ਹਾਲਤ ਦੇਖ ਕੇ ਸਰਕਾਰ ‘ਤੇ ਸ਼ਰਮ ਆ ਰਹੀ ਹੈ। ਬਾਦਲ ਨੂੰ ਕਿਸਾਨਾਂ ਦੇ ਦਰਦ ਦਾ ਕੋਈ ਖਿਆਲ ਨਹੀਂ, ਬੇਸ਼ੱਕ ਉਹ ਕਿਸਾਨ ਪਰਿਵਾਰ ਤੋਂ ਹੀ ਹੈ। ਵੱਡੇ ਪੈਮਾਨੇ ਵਿਚ ਨਸ਼ੇ  ਦੀ ਸਮੱਗਲਿੰਗ ਹੋ ਰਹੀ ਹੈ, ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿਚ ਫਸੀ ਹੋਈ ਹੈ। ਨਸ਼ੇ ਦੇ ਕਾਰੋਬਾਰ ਵਿਚ ਸੱਤਾਹੀਣ ਸਰਕਾਰ ਦੇ ਕਈ ਆਗੂਆਂ ਦਾ ਨਾਂ ਵੀ ਉਜਾਗਰ ਹੋਇਆ। ਅਸੀਂ ਪੰਜਾਬ ਵਿਚ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲਣਾ ਹੈ ਅਤੇ ਕਿਸਾਨਾਂ ਦਾ ਭਵਿੱਖ ਸੰਵਾਰਨਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਇਕਜੁੱਟ ਹੋ ਚੁੱਕੀ ਹੈ ਅਤੇ ਇਕੱਠੇ ਹੋ ਕੇ ਚੋਣਾਂ ਲੜੇਗੀ ਅਤੇ ਮੌਜੂਦਾ ਸਰਕਾਰ ਨੂੰ ਬਦਲ ਕੇ ਹੀ ਦਮ ਲਵੇਗੀ। ਰਾਹੁਲ ਗਾਂਧੀ ਨੇ ਮੰਚ ‘ਤੇ ਕੈਪਟਨ ਅਮਰਿੰਦਰ ਸਿੰਘ, ਸ਼ਕੀਲ ਅਹਮਦ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਅੰਬਿਕਾ ਸੋਨੀ, ਬੀਬੀ ਰਾਜਿੰਦਰ ਕੌਰ ਭੱਠਲ, ਜਗਮੀਤ ਬਰਾੜ ਨੂੰ ਇਕੱਠੇ ਖੜ੍ਹਾ ਕੀਤਾ ਅਤੇ ਇਕਜੁੱਟਤਾ ਵਿਖਾਈ। ਦਲਿਤਾਂ ਨੂੰ ਲੁਭਾਉਣ ਲਈ ਰਾਹੁਲ ਗਾਂਧੀ ਨੇ ਤਿੰਨ ਚਿਹਰਿਆਂ ਨੂੰ ਵੀ ਨਾਲ ਲਿਆ, ਜਿਨ੍ਹਾਂ ਵਿਚ ਚਰਨਜੀਤ ਸਿੰਘ ਚੰਨੀ, ਧਰਮਜੋਤ ਸੰਧੂ ਤੇ ਰਾਜ ਕੁਮਾਰ ਵੇਰਕਾ ਸਨ।  ਰਾਹੁਲ ਗਾਂਧੀ ਨੇ ਕਿਹਾ ਕਿ ਬੇਅਦਬੀ ਤੋਂ ਬਾਅਦ ਪੈਦਾ ਹੋਏ ਹਾਲਾਤ ਦੀ ਜਾਂਚ ਕਰਵਾਉਣ ਲਈ ਉਹ ਜਲਦੀ ਹੀ ਪੰਜਾਬ ਦੀ ਲੀਡਰਸ਼ਿਪ ਨੂੰ ਨਾਲ ਲੈ ਕੇ ਰਾਸ਼ਟਰਪਤੀ ਨੂੰ ਮਿਲਣਗੇ ਤਾਂ ਜੋ ਇਸ ਦੀ ਕਿਸੇ ਹਾਈਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾ ਸਕੇ।
ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਚ ਰਾਹੁਲ ਗਾਂਧੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਨਹੀਂ ਦਿੱਤਾ ਗਿਆ ਪਰ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਗ੍ਰੰਥੀ ਨੇ ਉਨ੍ਹਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਰਾਹੁਲ ਗਾਂਧੀ ਜਦ ਮੱਥਾ ਟੇਕਣ ਗੁਰਦੁਆਰਾ ਸਾਹਿਬ ਵਿਚ ਗਏ ਤਾਂ ਪੁਲਸ ਨੇ ਉਥੇ ਕਿਸੇ ਨੂੰ ਵੀ ਜਾਣ ਨਹੀਂ ਦਿੱਤਾ ਪਰ ਸਿੱਖ ਸੰਗਤਾਂ ਵਿਚ ਇਕ ਗੱਲ ਨੂੰ ਲੈ ਕੇ ਰੋਸ ਪੈਦਾ ਹੋ ਗਿਆ ਕਿ ਆਖਿਰ ਕਿਉਂ ਰੋਕਿਆ ਜਾ ਰਿਹਾ ਹੈ।
ਉਥੇ ਮੱਥਾ ਟੇਕਣ ਆਈ ਕੁਝ ਸਿੱਖ ਸੰਗਤ ਪੁਲਸ ਤੇ ਰਾਹੁਲ ਦੇ ਸੁਰੱਖਿਆ ਦਸਤੇ ਨਾਲ ਬਹਿਸ ਕਰਦੀ ਵੇਖੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੀ ਰੀੜ੍ਹ ਦੀ ਹੱਡੀ ਹੈ। ਹੁਣ ਉਨ੍ਹਾਂ ਨਾਲ ਕੋਈ ਮਤਭੇਦ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਇਕੱਠੀ ਹੋ ਚੁੱਕੀ ਹੈ, ਇਸ ਬਾਰੇ ਕਿਸੇ ਨੂੰ ਕੋਈ ਖਦਸ਼ਾ ਨਹੀਂ ਹੋਣਾ ਚਾਹੀਦਾ।  ਉਨ੍ਹਾਂ ਕਿਹਾ ਕਿ 33 ਕਰੋੜ ਰੁਪਏ ਦੇ ਕੀਟਨਾਸ਼ਕ ਘਪਲੇ ਨੂੰ ਲੁਕਾਉਣ ਲਈ ਬਾਦਲ ਨੇ ਇਹ ਸਾਰੀ ਸਾਜ਼ਿਸ਼ ਰਚੀ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਦੋ ਤਰ੍ਹਾਂ ਦੀਆਂ ਚਿੱਟੀਆਂ ਮੱਖੀਆਂ ਹਨ।
ਇਕ ਕਪਾਹ ਨੂੰ ਖਾ ਗਈ ਅਤੇ ਦੂਜੀ ਮੱਖੀ ਮਜੀਠੀਆ ਹੈ, ਜੋ ਪੂਰੇ ਸੂਬੇ ਨੂੰ ਖਾ ਗਿਆ। ਨੌਜਵਾਨ ਆਗੂ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਪੰਜਾਬ ਵਿਚ ਕਿਸਾਨੀ ਅਤੇ ਜਵਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਤੋਤਾ ਸਿੰਘ ਦੇ 33 ਕਰੋੜ ਦੇ ਘਪਲੇ ਨੂੰ ਲੁਕਾਉਣ ਦੇ ਚੱਕਰ ਵਿਚ ਸੂਬੇ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ।