ਨਵਜੋਤ ਸਿੰਘ ਸਿੱਧੂ ਨੇ ਵਿਰੋਧੀਆਂ ‘ਤੇ ਕੀਤੇ ਤਿੱਖੇ ਹਮਲੇ

ਨਵੀਂ ਦਿੱਲੀ : ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਇਕ ਦਿਨ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਜਿਥੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਕੀਤੇ, ਉਥੇ ਇਹ ਵੀ ਆਖਿਆ ਕਿ ਮੈਂ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜ੍ਹ ਗਿਆ ਹਾਂ| ਉਨ੍ਹਾਂ ਕਿਹਾ ਕਿ ਇਹ ਮੇਰੀ ਘਰ ਵਾਪਸੀ ਹੈ| ਉਨ੍ਹਾਂ ਕਿਹਾ ਕਿ ਮੇਰੀ ਹੋਂਦ ਕਾਂਗਰਸ ਵਿਚ ਹੈ| ਮੇਰੇ ਪਿਤਾ ਗਦਰ ਪਾਰਟੀ ਵਿਚ ਸਨ, ਉਹ ਜੇਲ੍ਹ ਵੀ ਗਏ| ਇਸ ਤੋਂ ਇਲਾਵਾ ਸਿੱਧੂ ਨੇ ਕਿਹਾ ਕਿ ਮੈਂ ਲੋਕਾਂ ਦੇ ਕਹਿਣ ਦੀ ਪ੍ਰਵਾਹ ਨਹੀਂ ਕਰਦਾ| ਲੋਕ ਕਹਿੰਦੇ ਹਨ ਕਿ ਸਿੱਧੂ ਪਾਰਟੀ ਨੂੰ ਮਾਂ ਕਹਿੰਦਾ ਸੀ, ਪਰ ਮਾਂ ਤਾਂ ਕੇਕੱਈ ਵੀ ਸੀ|
ਇਸ ਤੋਂ ਇਲਾਵਾ ਸਿੱਧੂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਹੁਣ ਬਾਦਲਾਂ ਦਾ ਤਖਤ ਗਿਰਾਉਣਗੇ| ਅਕਾਲੀ ਦਲ ਕਿਸੇ ਸਮੇਂ ਪਵਿੱਤਰ ਜਮਾਤ ਸੀ, ਪਰ ਹੁਣ ਜਾਇਦਾਦ ਬਣ ਗਿਆ ਹੈ| ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਭਿਖਾਰੀ ਬਣਾ ਦਿੱਤਾ ਗਿਆ ਹੈ| ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਭਜਾ ਕੇ ਹੀ ਛੱਡਾਂਗਾ| ਉਨ੍ਹਾਂ ਕਿਹਾ, ” ਭਾਗ, ਬਾਬਾ ਬਾਦਲ ਭਾਗ, ਪੰਜਾਬ ਦੀ ਜਨਤਾ ਆਉਂਦੀ ਹੈ| ਇਹ ਪ੍ਰਣ ਹੈ ਸਿੱਧੂ ਦਾ|” ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚਿੱਟਾ ਵਿਕ ਰਿਹਾ ਹੈ| ਇਥੋਂ ਦੇ ਨਸ਼ੇ ਤੇ ਫਿਲਮਾਂ ਬਣ ਰਹੀਆਂ ਹਨ|
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਨਾਲ ਮੇਰਾ ਕੋਈ ਗਿਲਾ-ਸ਼ਿਕਵਾ ਨਹੀਂ ਸੀ, ਪਰ ਉਹ ਅਕਾਲੀ ਦਲ ਨਾਲ ਗਠਜੋੜ ਨੂੰ ਕਹਿੰਦੇ ਸਨ, ਮੈਂ ਕਹਿੰਦਾ ਸੀ ਕਿ ਪੰਜਾਬ ਦੀ ਗੱਲ ਕਰੋ|