ਧੁੱਪ ਦੀ ਕਮੀ ਹੈ ਤੁਹਾਡੇ ਆਲਸ ਦਾ ਕਾਰਣ

ਤੁਸੀਂ ਅਕਸਰ ਮਹਿਸੂਸ ਕਰਦੇ ਹੋਵੋਗੇ ਕਿ ਸਰਦੀਆਂ ‘ਚ ਸਵੇਰੇ ਛੇਤੀ ਉੱਠਣਾ ਕਿਸੇ ਚੈਲੰਜ ਤੋਂ ਘੱਟ ਨਹੀਂ ਹੁੰਦਾ। ਰਜਾਈ ਜਾਂ ਕੰਬਲ ‘ਚੋਂ ਨਿਕਲਣ ਦਾ ਮਨ ਹੀ ਨਹੀਂ ਕਰਦਾ। ਸਰਦੀਆਂ ‘ਚ ਅਜਿਹਾ ਅਕਸਰ ਹੁੰਦਾ ਹੈ ਜਦਕਿ ਗਰਮੀਆਂ ‘ਚ ਅਜਿਹਾ ਘੱਟ ਹੁੰਦਾ ਹੈ। ਵੈਸੇ ਕਈ ਅਧਿਐਨਾਂ ‘ਚ ਇਹ ਤਾਂ ਸਾਫ਼ ਹੋ ਚੁੱਕਾ ਹੈ ਕਿ ਜਨਵਰੀ ਸਾਲ ਦਾ ਸਭ ਤੋਂ ਘੱਟ ਪ੍ਰੋਡਕਟੀਵਿਟੀ ਵਾਲਾ ਮਹੀਨਾ ਹੁੰਦਾ ਹੈ। ਵਿੰਟਰ ਸੀਜ਼ਨ ਦੌਰਾਨ ਥਕਾਵਟ, ਆਲਸ ਜਾਂ ਫ਼ਿਰ ਐਨਰਜੀ ਡਾਊਨ ਰਹਿੰਦੀ ਹੈ। ਆਖ਼ਿਰ ਅਜਿਹਾ ਕਿਘਉਂ ਹੁੰਦਾ ਹੈ। ਕੀ ਤੁਸੀਂ ਕਦੇ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਸਰਦੀ ‘ਚ ਆਲਸ ਅਤੇ ਸੁਸਤੀ ਦਾ ਕਾਰਣ ਹੈ ਧੁੱਪ। ਅਮਰੀਕੀ ਫ਼ਿਜ਼ੀਸ਼ੀਅਨ ਡਾ. ਜੈਨੀਫ਼ਰ ਐਸ਼ਟਨ ਮੁਤਾਬਿਕ, ਸਰਦੀ ਦੇ ਦਿਨ ਛੋਟੇ ਹੁੰਦੇ ਹਨ ਅਤੇ ਧੁੱਪ ਘੱਟ ਹੁੰਦੀ ਹੈ, ਅਤੇ ਇਸ ਦਾ ਸਿੱਧਾ ਅਸਰ ਵਿਅਕਤੀ ਦੇ ਮੂਡ ‘ਤੇ ਪੈਂਦਾ ਹੈ।
ਸੂਰਜ ਦੀ ਰੌਸ਼ਨੀ ਤੁਹਾਡੇ ਸਕੈਰਡੀਅਨ ਰਿਧਮ ਨੂੰ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਤੁਹਾਡੇ ਦਿਮਾਗ਼ ਦੇ ਸੋਰੋਟੋਨਿਨ ਲੈਵਲ ‘ਚ ਬਦਲਾਅ ਆ ਜਾਂਦਾ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ਼ ਮੈਂਟਲ ਹੈੱਲਥ ਮੁਤਾਬਕ ਦਿਮਾਗ਼ ‘ਚ ਸੋਰੋਟੋਨਿਨ ਲੈਵਲ ‘ਚ ਬਦਲਾਅ ਹੋਣ ਨਾਲ ਸੁਸਤੀ ਅਤੇ ਆਲਸ ਆਉਂਦੇ ਹਨ। ਇੰਨਾ ਹੀ ਨਹੀਂ, ਸੋਰੋਟੋਨਿਨ ਲੈਵਲ ‘ਚ ਬਦਲਾਅ ਹੋਣ ਨਾਲ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਨਾਰਮਲੀ ਪਸੰਦ ਕਰਦੇ ਹੋ, ਉਨ੍ਹਾਂ ਪ੍ਰਤੀ ਵੀ ਰੁਚੀ ਘੱਟ ਹੋ ਜਾਂਦੀ ਹੈ। ਇਹੀ ਕਾਰਣ ਹੈ ਕਿ ਸਰਦੀਆਂ ‘ਚ ਤੁਹਾਡਾ ਸ਼ਰੀਰ ਐਨਰਜੈਟਿਕ ਫ਼ੀਲ ਨਹੀਂ ਕਰਦਾ ਅਤੇ ਤੁਹਾਡਾ ਕੰਬਲ ਛੱਡਣ ਦਾ ਮਨ ਨਹੀਂ ਕਰਦਾ। ਦਿਮਾਗ਼ ‘ਚ ਸੋਰੋਟੋਨਿਨ ਲੈਵਲ ‘ਚ ਬਦਲਾਅ ਹੋਣ ਨਾਲ ਇਹ ਤਬਦੀਲੀ ਆਉਂਦੀ ਹੈ। ਸਰਦੀਆਂ ਦੇ ਮੌਸਮ ‘ਚ ਇਸ ਤਰ੍ਹਾਂ ਘੱਟ ਹੋਣ ਵਾਲੀ ਪ੍ਰੋਡਕਟੀਵਿਟੀ ਨੂੰ ਸੀਜ਼ਨਲ ਇਫ਼ੈਕਟਿਵ ਡਿਸਔਰਡਰ ਵੀ ਕਿਹਾ ਜਾਂਦਾ ਹੈ।
ਡਿਸਆਰਡਰ ਦੂਰ ਕਰਨ ਦਾ ਤਰੀਕਾ
ਸੀਜ਼ਨਲ ਇਫ਼ੈਕਟਿਵ ਡਿਸਔਰਡਰ ਨੂੰ ਦੂਰ ਕਰਨ ਲਈ ਤੁਹਾਨੂੰ ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ, ਅਤੇ ਕੁਝ ਸੌਖੇ ਤਰੀਕਿਆਂ ਨਾਲ ਵੀ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ। ਇਸ ਪਿੱਛੇ ਸਭ ਤੋਂ ਵੱਡਾ ਕਾਰਣ ਲੋੜੀਂਦੀ ਧੁੱਪ ਨਾ ਮਿਲਣਾ ਹੈ। ਇਸ ਨੂੰ ਦੂਰ ਕਰਨ ਲਈ ਤੁਸੀਂ ਧੁੱਪ ਸੇਕੋ। ਸੰਭਵ ਹੋਵੇ ਤਾਂ ਸਰਦੀਆਂ ਦੀ ਧੁੱਪ ‘ਚ ਖਿੜਕੀ ਕੋਲ ਬੈਠੋ ਜਾਂ ਆਫ਼ਿਸ ‘ਚ ਵੀ ਖਿੜਕੀ ਦੇ ਕੋਲ ਬੈਠੋ। ਸਿੱਧੀ ਜਿਹੀ ਗੱਲ ਇਹ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਧੁੱਪ ਦੇ ਸੰਪਰਕ ‘ਚ ਰਹੋ। ਰੋਜ਼ਾਨਾ ਘੱਟ ਤੋਂ ਘੱਟ 15-20 ਮਿੰਟ ਦੀ ਤੇਜ਼ ਧੁੱਪ ਤੁਹਾਨੂੰ ਫ਼ਾਇਦਾ ਪਹੁੰਚਾ ਸਕਦੀ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਤੁਹਾਡੀ ਬੌਡੀ ਐਨਰਜੈਟਿਕ ਹੋਵੇਗੀ ਸਗੋਂ ਸ਼ਰੀਰ ‘ਚ ਵਾਇਟਾਮਿਨ D ਦੀ ਮਾਤਰਾ ਸਹੀ ਰਹੇਗੀ। ਵਾਇਟਾਮਿਨ D ਦੀ ਕਮੀ ਕਾਰਣ ਵੀ ਕਈ ਵਾਰ ਤੁਹਾਡਾ ਸ਼ਰੀਰ ਕਮਜ਼ੋਰੀ ਮਹਿਸੂਸ ਕਰਦਾ ਹੈ। ਜੇਕਰ ਤੁਹਾਨੂੰ ਵਾਇਟਾਮਿਨ D ਦੀ ਕਮੀ ਕਾਰਣ ਕਿਸੇ ਤਰ੍ਹਾਂ ਦੀ ਜੋੜ੍ਹਾਂ ‘ਚ ਦਰਦ ਜਾਂ ਸ਼ਰੀਰ ‘ਚ ਦਰਦ ਹੁੰਦਾ ਤਾਂ ਉਸ ‘ਚ ਵੀ ਰਾਹਤ ਮਿਲੇਗੀ। ਵਾਇਟਾਮਿਨ D ਨੂੰ ਸ਼ਰੀਰ ਲਈ ਬਹੁਤ ਜ਼ਰੂਰੀ ਮੰਨਿਆ ਗਿਆ ਹੈ।
ਸੂਰਜਵੰਸ਼ੀ