ਦੋ ਮਹੀਨਿਆਂ ‘ਚ ਸੰਜੇ ਦੱਤ ਨੇ ਚੌਥੀ ਸਟੇਜ ਦੇ ਕੈਂਸਰ ਨੂੰ ਦਿੱਤੀ ਮਾਤ

Image Courtesy :jagbani(punjabkesari)

ਬੌਲੀਵੁਡ ਅਦਾਕਾਰ ਸੰਜੇ ਦੱਤ ਦੇ ਪ੍ਰਸ਼ੰਸਕਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਦੀ ਮੰਨੀਏ ਤਾਂ 61 ਸਾਲਾ ਸੰਜੇ ਦੱਤ ਦਾ ਕੈਂਸਰ ਠੀਕ ਹੋ ਗਿਆ ਹੈ। ਇੱਕ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਿਕ, ਸੰਜੇ ਦੱਤ ਦੇ ਕੈਂਸਰ ਫ਼੍ਰੀ ਹੋਣ ਦੀ ਪੁਸ਼ਟੀ ਕੋਕੀਲਾਬੇਨ ਹਸਪਤਾਲ ਦੇ ਸੂਤਰ ਨੇ ਕੀਤੀ ਹੈ।
ਖ਼ਬਰਾਂ ਤਾਂ ਇਹ ਵੀ ਹਨ ਕਿ ਸੰਜੇ ਅਤੇ ਪਤਨੀ ਮਾਨਯਤਾ ਦੱਤ ਸ਼ਾਮ ਤਕ ਇਸ ਦੀ ਪੁਸ਼ਟੀ ਕਰ ਸਕਦੇ ਹਨ। ਰਿਪੋਰਟ ਮੁਤਾਬਿਕ, ਸੋਮਵਾਰ ਨੂੰ ਸੰਜੇ ਦੱਤ ਦੀ PET ਰਿਪੋਰਟ ਸਾਹਮਣੇ ਆਈ ਜਿਸ ‘ਚ ਉਹ ਕੈਂਸਰ ਮੁਕਤ ਪਾਏ ਗਏ। PET ਸਕੈਨ ਕੈਂਸਰ ਦੀ ਸਭ ਤੋਂ ਔਥੈਨਟਿਕ ਜਾਂਚ ਮੰਨੀ ਜਾਂਦੀ ਹੈ। ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਪੀੜਤ ਦੇ ਕੈਂਸਰ ਸੈੱਲਾਂ ਦੀ ਕੀ ਹਾਲਤ ਹੈ।
ਇਸ ਤੋਂ ਇਲਾਵਾ, ਸੰਜੇ ਦੱਤ ਦੇ ਕਰੀਬੀ ਦੋਸਤ ਅਤੇ ਟਰੈਡ ਐਨੇਲਿਸਟ ਰਾਜ ਬੰਸਲ ਨੇ ਵੀ ਟਵੀਟ ਕਰ ਕੇ ਉਨ੍ਹਾਂ ਦੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਦੀ ਕੈਪਸ਼ਨ ‘ਚ ਲਿਖਿਆ ਹੈ, ”ਤੁਹਾਡੇ ਲਈ ਖ਼ੁਸ਼ ਹਾਂ ਸੰਜੂ।” ਤਸਵੀਰ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੰਜੇ ਦੱਤ ਇੱਕ ਦਮ ਠੀਕ ਹੈ।
ਖ਼ੈਰ ਜਦੋਂ ਤਕ ਖ਼ੁਦ ਸੰਜੇ ਦੱਤ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਓਦੋਂ ਤਕ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਦੱਸਣਯੋਗ ਹੈ ਕਿ ਸੰਜੇ ਦੱਤ ਨੂੰ 8 ਅਗਸਤ ਨੂੰ ਸਾਹ ਲੈਣ ‘ਚ ਤਕਲੀਫ਼ ਹੋਣ ਤੋਂ ਬਾਅਦ ਲੀਲਾਵਤੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ ਜਿਥੇ ਉਸ ਦੇ ਟੈੱਸਟ ਕੀਤੇ ਗਏ ਸਨ। ਇਸ ਤੋਂ 3 ਦਿਨ ਬਾਅਦ 11 ਅਗਸਤ ਨੂੰ ਇਹ ਗੱਲ ਸਾਹਮਣੇ ਆਈ ਸੀ ਕਿ ਸੰਜੇ ਦੱਤ ਨੂੰ ਫ਼ੇਫ਼ੜਿਆਂ ਦਾ ਕੈਂਸਰ ਹੈ। ਰਿਪੋਰਟ ਮੁਤਾਬਿਕ ਸੰਜੇ ਦੱਤ ਨੂੰ ਚੌਥੀ ਸਟੇਜ ਦਾ ਕੈਂਸਰ ਸੀ।