ਕੋਚੀ – ਕੇਰਲ ਹਾਈ ਕੋਰਟ ਨੇ ਕਿਹਾ ਹੈ ਕਿ ਸਥਾਨਕ ਸਰਕਾਰ ਅਦਾਰਿਆਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਕਾਨੂੰਨ ਵੱਲੋਂ ਨਿਰਧਾਰਤ ਤਰੀਕੇ ਨਾਲ ਹੀ ਸਹੁੰ ਚੁੱਕਣੀ ਚਾਹੀਦੀ ਹੈ। ਦੇਵੀ-ਦੇਵਤਿਆਂ ਤੇ ਭਾਰਤ ਮਾਤਾ ਦੇ ਨਾਂ ’ਤੇ ਸਹੁੰ ਨਹੀਂ ਚੁੱਕੀ ਜਾ ਸਕਦੀ। ਅਦਾਲਤ ਨੇ ਤਿਰੂਵਨੰਤਪੁਰਮ ਨਗਰ ਨਿਗਮ ਦੇ ਕਈ ਭਾਜਪਾ ਕੌਂਸਲਰਾਂ ਵੱਲੋਂ ਚੁੱਕੀ ਗਈ ਉਸ ਸਹੁੰ ਨੂੰ ਬੁੱਧਵਾਰ ਅਯੋਗ ਕਰਾਰ ਦੇ ਦਿੱਤਾ, ਜਿਸ ’ਚ ਉਨ੍ਹਾਂ ਨੇ ਪ੍ਰਮਾਤਮਾ ਜਾਂ ਸੱਚੇ ਦਿਲੋਂ ਹੋਰ ਨਾਵਾਂ ਦਾ ਜ਼ਿਕਰ ਕੀਤਾ ਸੀ। ਜਸਟਿਸ ਪੀ. ਵੀ. ਕੁਨੀਕ੍ਰਿਸ਼ਨਨ ਨੇ ਆਪਣੇ ਫੈਸਲੇ ’ਚ ਕਿਹਾ ਕਿ ਕੇਰਲ ਨਗਰਪਾਲਿਕਾ ਐਕਟ ਤੇ ਕੇਰਲ ਪੰਚਾਇਤ ਰਾਜ ਐਕਟ ਅਧੀਨ ਚੁਣੇ ਗਏ ਮੈਂਬਰਾਂ ਨੂੰ ਪ੍ਰਮਾਤਮਾ ਦੇ ਨਾਂ ’ਤੇ ਜਾਂ ਸੱਚੇ ਦਿਲੋਂ ਕਹਿ ਕੇ ਸਹੁੰ ਚੁੱਕਣੀ ਚਾਹੀਦੀ ਹੈ।
ਅਦਾਲਤ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਸਹੁੰ ਚੁੱਕਦੇ ਸਮੇਂ ਕਿਸੇ ਖਾਸ ਦੇਵੀ-ਦੇਵਤੇ, ਭਾਰਤ ਮਾਤਾ , ਕਿਸੇ ਵੀ ਸਿਆਸੀ ਅੰਦੋਲਨ, ਸੰਗਠਨ, ਵਿਅਕਤੀ ਜਾਂ ਸ਼ਹੀਦਾਂ ਦੇ ਨਾਵਾਂ ਨੂੰ ਸ਼ਾਮਲ ਕਰਨ ਦੀ ਆਗਿਆ ਨਹੀਂ ਦਿੰਦਾ। ਇਹ ਮਾਮਲਾ ਤਿਰੂਵਨੰਤਪੁਰਮ ਨਗਰ ਨਿਗਮ ਦੇ 20 ਕੌਂਸਲਰਾਂ ਵੱਲੋਂ ‘ਭਾਰਤੰਬਾ’, ‘ਭਾਰਤ ਮਾਤਾ’, ਗੁਰੂਦੇਵ ਤੇ ਸਿਆਸੀ ਅੰਦੋਲਨਾਂ ਦੇ ਸ਼ਹੀਦਾਂ ਸਮੇਤ ਵੱਖ-ਵੱਖ ਹਿੰਦੂ ਦੇਵੀ-ਦੇਵਤਿਆਂ ਦੇ ਨਾਵਾਂ ’ਤੇ ਸਹੁੰ ਚੁੱਕਣ ਤੋਂ ਬਾਅਦ ਉੱਠਿਆ। ਅਦਾਲਤ ਨੇ ਕਿਹਾ ਕਿ ਸਹੁੰ ਕਾਨੂੰਨ ਵੱਲੋਂ ਨਿਰਧਾਰਤ ਨਿਯਮਾਂ ਅਨੁਸਾਰ ਹੀ ਚੁੱਕੀ ਜਾਣੀ ਚਾਹੀਦੀ ਹੈ।















