ਦਿੱਲੀ ਦੀ ਜ਼ਹਿਰੀਲੀ ਹਵਾ ਨੇ ਲੋਕਾਂ ਦਾ ਸਾਹ ਲੈਣਾ ਕੀਤਾ ਮੁਸ਼ਕਲ

ਨਵੀਂ ਦਿੱਲੀ— ਦਿੱਲੀ ਅਤੇ ਐੱਨ. ਸੀ. ਆਰ. ਦੀ ਜ਼ਹਿਰੀਲੀ ਹਵਾ ਨੇ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਕਰ ਦਿੱਤਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਵਧਣ ਕਾਰਨ ਹਵਾ ਦੀ ਗੁਣਵੱਤਾ (ਏਅਰ ਕਵਾਲਿਟੀ ਇੰਡੈਕਸ) ਬੁੱਧਵਾਰ ਦੁਪਹਿਰ ਬਾਅਦ ‘ਬੇਹੱਦ ਗੰਭੀਰ’ ਅਤੇ ‘ਐਮਰਜੈਂਸੀ’ ਸ਼੍ਰੇਣੀ ‘ਚ ਪਹੁੰਚਣ ਦਾ ਖਦਸ਼ਾ ਹੈ। ਹੁਣ ਤਕ ਇਹ ਗੰਭੀਰ ਸ਼੍ਰੇਣੀ ਵਿਚ ਸੀ। ਨੋਇਡਾ ਅਤੇ ਗ੍ਰੇਟਰ ਨੋਇਡਾ ‘ਚ ਹਵਾ ਗੁਣਵੱਤਾ 472 ਅਤੇ 462 ਸੀ।
ਜ਼ਿਕਰਯੋਗ ਹੈ ਕਿ ਹਵਾ ਦੀ ਗੁਣਵੱਤਾ 0-50 ਦਰਮਿਆਨ ‘ਚੰਗੀ’, 51-100 ਦਰਮਿਆਨ ‘ਤਸੱਲੀਬਖਸ਼’, 101-200 ਦਰਮਿਆਨ ‘ਮੱਧ’, 201-300 ਦਰਮਿਆਨ ‘ਖਰਾਬ’, 301-400 ਦਰਮਿਆਨ ‘ਬਹੁਤ ਖਰਾਬ’, 401-500 ਦਰਮਿਆਨ ‘ਗੰਭੀਰ’ ਅਤੇ 500 ਤੋਂ ਪਾਰ ‘ਬੇਹੱਦ ਗੰਭੀਰ’ ਅਤੇ ਐਮਰਜੈਂਸੀ ਮੰਨਿਆ ਜਾਂਦਾ ਹੈ। ਸਰਦੀਆਂ ਦੇ ਆਗਾਜ਼ ਨਾਲ ਹੀ ਘੱਟ ਤੋਂ ਘੱਟ ਤਾਪਮਾਨ ‘ਚ ਗਿਰਾਵਟ ਨਾਲ ਹਵਾ ‘ਚ ਠੰਡਕ ਵਧ ਗਈ ਹੈ ਅਤੇ ਭਾਰੀਪਨ ਆ ਗਿਆ ਹੈ, ਜਿਸ ਨਾਲ ਪ੍ਰਦੂਸ਼ਕ ਤੱਤ ਜਮਾਂ ਹੋ ਰਹੇ ਹਨ।
ਦਿੱਲੀ ਦੀ ਹਵਾ ਗੁਣਵੱਤਾ ਕੁਝ ਦਿਨ ਬਿਹਤਰ ਰਹਿਣ ਤੋਂ ਬਾਅਦ ਮੰਗਲਵਾਰ ਸਵੇਰੇ ਇਕ ਵਾਰ ਫਿਰ ਗੁਆਂਢੀ ਸੂਬਿਆਂ ‘ਚ ਸਾੜੀ ਜਾ ਰਹੀ ਪਰਾਲੀ ਕਾਰਨ ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਈ। ਤਾਪਮਾਨ ਵਿਚ ਗਿਰਾਵਟ ਅਤੇ ਹਵਾ ਦੀ ਰਫਤਾਰ ਘੱਟ ਹੋਣ ਨਾਲ ਵੀ ਪ੍ਰਦੂਸ਼ਣ ਵਧਿਆ ਹੈ। ਸਰਕਾਰ ਦੀ ਹਵਾ ਗੁਣਵੱਤਾ ਨਿਗਰਾਨੀ ਸੇਵਾ ‘ਸਫਰ’ ਨੇ ਕਿਹਾ ਕਿ ਦਿੱਲੀ-ਐੱਨ. ਸੀ. ਆਰ. ‘ਚ ਪ੍ਰਦੂਸ਼ਣ ਦਾ ਪੱਧਰ ਬੁੱਧਵਾਰ ਨੂੰ ‘ਬੇਹੱਦ ਗੰਭੀਰ’ ਅਤੇ ‘ਐਮਰਜੈਂਸੀ’ ਸ਼੍ਰੇਣੀ ‘ਚ ਪਹੁੰਚ ਸਕਦਾ ਹੈ।