ਨਵੀਂ ਦਿੱਲੀ-ਦਿੱਲੀ ‘ਚ ਕੋਰੋਨਾ ਦਾ ਖਤਰਾ ਫਿਰ ਤੋਂ ਵਧਣ ਲੱਗਾ ਹੈ। ਇਸ ਮਹੀਨੇ 81 ਮੌਤਾਂ ਦਰਜ ਹੋ ਚੁੱਕੀਆਂ ਹਨ। ਰੋਜ਼ਾਨਾ ਔਸਤਨ ਪੰਜ ਜਾਂ ਉਸ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ। ਰਾਸ਼ਟਰੀ ਰਾਜਧਾਨੀ ‘ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 917 ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਲੋਕਾਂ ਨੇ ਦਮ ਤੋੜ ਦਿੱਤਾ। ਇਸ ਦੌਰਾਨ ਰੋਜ਼ਾਨਾ ਇਨਫੈਕਸ਼ਨ ਦਰ 19.20 ਫੀਸਦੀ ਦਰਜ ਕੀਤੀ ਗਈ ਅਤੇ 1 ਅਗਸਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦ 1,000 ਤੋਂ ਘੱਟ ਨਵੇਂ ਮਾਮਲੇ ਦਰਜ ਹੋਏ ਹਨ।
ਦਿੱਲੀ ‘ਚ 14 ਦਿਨਾਂ ‘ਚ ਕੋਰੋਨਾ ਦੇ 60 ਫੀਸਦੀ ਮਰੀਜ਼ ਦਾਖਲ ਹੋਏ ਹਨ। ਹਾਲਾਂਕਿ, ਪਾਜ਼ੇਟਿਵਿਟੀ ਦਰ 19 ਫੀਸਦੀ ਦੇ ਪਾਰ ਚੱਲੀ ਗਈ ਹੈ। ਅਗਸਤ ‘ਚ ਹੁਣ ਤੱਕ 30,968 ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਜਨਵਰੀ 2022 ਤੋਂ ਬਾਅਦ ਤੋਂ ਸਭ ਤੋਂ ਜ਼ਿਆਦਾ ਹਨ। ਕਰੀਬ 6 ਮਹੀਨੇ ਬਾਅਦ ਦਿੱਲੀ ‘ਚ ਪਾਜ਼ੇਟਿਵਿਟੀ ਦਰ ਅਤੇ ਮੌਤਾਂ ‘ਚ ਚਿੰਤਾਜਨਕ ਉਛਾਲ ਦਿਖ ਰਿਹਾ ਹੈ। ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ।
ਸਿਹਤ ਬੁਲੇਟਿਨ ਮੁਤਾਬਕ, ਦਿੱਲੀ ‘ਚ ਮੰਗਲਵਾਰ ਨੂੰ ਆਏ ਇਨ੍ਹਾਂ ਨਵੇਂ ਮਾਮਲਿਆਂ ਨਾਲ ਹੀ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 19,68,739 ਹੋ ਗਈ ਅਤੇ ਹੁਣ ਤੱਕ 26,392 ਮਰੀਜ਼ ਇਨਫੈਕਸ਼ਨ ਕਾਰਨ ਜਾਨ ਗੁਆ ਚੁੱਕੇ ਹਨ। ਬੁਲੇਟਿਨ ‘ਚ ਕਿਹਾ ਗਿਆ ਹੈ ਕਿ 917 ਨਵੇਂ ਮਾਮਲੇ ਸੋਮਵਾਰ ਨੂੰ ਕੀਤੇ ਗਏ 4775 ਨਮੂਨਿਆਂ ਦੀ ਜਾਂਚ ‘ਚ ਸਾਹਮਣੇ ਆਏ। ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ 14.57 ਫੀਸਦੀ ਰੋਜ਼ਾਨਾ ਇਨਫੈਕਸ਼ਨ ਦਰ ਨਾਲ 1,227 ਮਾਮਲੇ ਦਰਜ ਕੀਤੇ ਸਨ ਜਦਕਿ ਅੱਠ ਮਰੀਜ਼ਾਂ ਦੀ ਇਨਫੈਕਸ਼ਨ ਕਾਰਨ ਮੌਤ ਹੋ ਗਈ ਸੀ।