ਦਿਲ ਲਈ ਖ਼ਤਰਨਾਕ ਹੈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਮੋਟਾਪਾ

ਦਿਲ ਲਈ ਖ਼ਤਰਨਾਕ ਹੈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਮੋਟਾਪਾ ਦਿਲ ਐਸਾ ਜ਼ਬਰਦਸਤ ਪੰਪ ਹੈ ਜੋ ਬਿਨਾਂ ਥੱਕੇ ਤੇ ਬਿਨਾਂ ਆਰਾਮ ਕੀਤੇ ਪੂਰੀ ਉਮਰ ਕੰਮ ਕਰਦਾ ਹੈ।    ਇਹ ਹਰੇਕ  ਮਿੰਟ 5 ਤੋਂ 6 ਲੀਟਰ ਖ਼ੂਨ ਪੰਪ ਕਰਕੇ ਅੱਗੇ ਭੇਜਦਾ ਜੋ ਦਿਲ ਦੇ ਆਪਣੇ ਪੱਠਿਆਂ ਸਮੇਤ, ਸਰੀਰ ਦੇ ਸਾਰੇ ਅੰਗਾਂ ਤੇ ਤੰਤੂਆਂ ਨੂੰ ਆਕਸੀਜਨ ਤੇ ਤਾਕਤ ਪ੍ਰਦਾਨ ਕਰਦਾ ਹੈ। ਵਧਦੀ ਉਮਰ ਨਾਲ ਖੂਨ ਦੀਆਂ ਨਾੜੀਆਂ ਦੇ ਅੰਦਰ ਚਰਬੀ ਦੀ ਪੇਪੜੀ    ਜਿਹੀ ਜੰਮ ਜਾਂਦੀ ਹੈ ਜਿਸ ਨੂੰ ‘ਐਥਰੋ-ਸਕਲੀਰੋਸਿਸ’ ਕਿਹਾ ਜਾਂਦਾ ਹੈ। ਇਸ ਕਾਰਨ ਦਿਲ ਨੂੰ ਪੂਰੀ ਤਾਕਤ ਨਹੀਂ ਮਿਲਦੀ। ਇਸ ਨੂੰ ‘ਕੋਰੋਨਰੀ ਆਰਟਰੀ ਡਿਸਈਜ਼’ ਕਹਿੰਦੇ ਹਨ। ਦਿਮਾਗ ਦੀ ਨਾੜੀ ਵਿੱਚ ਪੇਪੜੀ ਜੰਮ ਜਾਵੇ ਤਾਂ ਸਟਰੋਕ; ਦਿਲ ਦੀ ਨਾੜੀ ‘ਚ ਹੋਵੇ ਤਾਂ ਛਾਤੀ ਵਿੱਚ ਦਰਦ, ਦਿਲ ਦਾ ਦੌਰਾ ਜਾਂ ਅਚਾਨਕ ਮੌਤ; ਲੱਤਾਂ ਦੀਆਂ ਨਾੜੀਆਂ ‘ਚ ਹੋਵੇ ਤਾਂ (ਗੈਂਗਰੀਨ) ਉਂਗਲਾਂ ਕਾਲੀਆਂ ਹੋ ਕੇ ਝੜ ਜਾਂਦੀਆਂ ਹਨ।

ਕੋਰੋਨਾਰੀ ਆਰਟਰੀ ਡਿਸਈਜ਼: ਹੋ ਸਕਦਾ ਹੈ ਕਿ ਕਾਫ਼ੀ ਸਮਾਂ ਕੋਈ ਵੀ ਅਲਾਮਤਾਂ ਨਾ ਹੋਣ, ਜਾਂ ਫ਼ਿਰ ਪੌੜੀਆਂ ਚੜ੍ਹਨ ਜਾਂ ਭਾਰਾ ਕੰਮ ਕਰਨ ਵੇਲੇ ਛਾਤੀ ਵਿੱਚ ਪੀੜ ਹੁੰਦੀ ਹੋਵੇ, ਜਾਂ ਫ਼ਿਰ ਦਿਲ ਦਾ ਦੌਰਾ ਪੈ ਜਾਵੇ ਤੇ ਇਲਾਜ ਨਾਲ ਵਿਅਕਤੀ ਠੀਕ ਹੋ ਜਾਵੇ, ਤੇ ਜਾਂ ਫ਼ਿਰ ਵੱਡਾ ਦੌਰਾ ਪਵੇ ਤੇ ਅਚਾਨਕ ਮੌਤ ਹੋ ਜਾਵੇ। ਭਾਵੇਂ ਜਾਗਰੂਕਤਾ ਕਰਕੇ ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ ਕੇਸਾਂ ਦੀ ਦਰ ਘਟੀ ਹੈ    ਫ਼ਿਰ ਵੀ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਵਿੱਚ ਇਹ ਇੱਕ ਵੱਡੀ ਸਮੱਸਿਆ ਹੈ। ਭਾਰਤੀਆਂ ਵਿੱਚ ਇਹ ਰੋਗ ਹੋਣ ਦੇ ਵਧੇਰੇ ਚਾਂਸ ਹੁੰਦੇ ਹਨ। ਖੂਨ ਵਿੱਚ ਘੱਟ ਕੋਲੈਸਟਰੋਲ ਨਾਲ ਵੀ ਇਹ ਤਹਿ ਜੰਮ ਜਾਂਦੀ ਹੈ। ਭਾਰਤੀਆਂ ਵਿੱਚ ਇਹ, ਮੁਕਾਬਲਤਨ ਛੋਟੀ ਉਮਰ ਵਿੱਚ ਹੋ ਜਾਂਦੀ ਹੈ। ਮੌਤਾਂ ਦੇ ਚਾਂਸ, ਗੋਰਿਆਂ   ਨਾਲੋਂ ਦੋ ਗੁਣਾਂ ਜ਼ਿਆਦਾ ਹੁੰਦੇ ਹਨ। ਅਜਿਹਾ ਕਿਉਂ ਹੈ?

ਘਿਓ, ਮੱਖਣ, ਚਰਬੀ, ਮਿਠਾਈਆਂ ਤੇ ਹੋਰ ਭੋਜਨ ਖਾਣ ਵੇਲੇ ਅਸੀਂ ਕਿਸੇ ਵੀ ਤਰ੍ਹਾਂ ਦਾ ਹਿਸਾਬ ਨਹੀਂ ਰੱਖਦੇ। ਨਾ ਹੀ ਅਸੀਂ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਖਾਈ ਜਾਣਾ ਪਰ ਵਰਜ਼ਿਸ਼ ਵਾਲੇ ਕੰਮ ਨਹੀਂ ਕਰਨੇ। ਸ਼ਹਿਰੀਕਰਣ ਇਸ ਦਾ ਇੱਕ ਹੋਰ ਕਾਰਨ ਹੈ ਜਿਸ ਕਰਕੇ  ਜੀਵਨ ਢੰਗ ਬਦਲ ਗਿਆ ਹੈ।

ਉਮਰ (ਔਰਤਾਂ ਦੀ 45 ਸਾਲ ਤੋਂ ਤੇ ਮਰਦਾਂ ਦੀ 55 ਸਾਲ ਤੋਂ ਵਡੇਰੀ), ਮਰਦ ਜਾਂ ਔਰਤ ਹੋਣਾ, ਪਰਿਵਾਰਕ ਪਿੱਠ-ਭੂਮੀ ਤੇ ਜਿਨਸ ਵਰਗੇ ਕਾਰਨ ਤੁਹਾਡੇ ਵੱਸ ਵਿੱਚ ਨਹੀਂ ਹਨ ਪ੍ਰੰਤੂ ਹਾਈ ਕੋਲੈਸਟਰੋਲ, ਤੰਬਾਕੂਨੋਸ਼ੀ, ਬਲੱਡ ਪ੍ਰੈਸ਼ਰ, ਸ਼ੂਗਰ ਰੋਗ, ਮੋਟਾਪਾ, ਸ਼ਰਾਬ ਦਾ ਸੇਵਨ ਕਾਰਨ ਜਾਂ ਵਰਜਿਸ਼ ਕਰਨਾ ਵੱਸ ਵਿੱਚ ਹੈ। ਕੋਲੈਸਟਰੋਲ ਭੋਜਨ (ਮੀਟ-ਮੁਰਗਾ, ਆਂਡਾ, ਦੁੱਧ ਆਦਿ) ‘ਚੋਂ ਆਉਂਦਾ ਹੈ ਤੇ ਕੁਝ ਸਰੀਰ ਦੇ ਅੰਦਰ ਬਣਦਾ ਹੈ। ਕੋਲੈਸਟਰੋਲ ਨੂੰ ਐਲਡੀਐਲ (ਲੋਅ ਡੈਨਸਿਟੀ ਲਾਇਪੋਪ੍ਰੋਟੀਨ) ਕਹਿੰਦੇ ਹਨ ਜੋ ਐਥਰੋਸਕਲੀਰੋਸਿਸ ਪੈਦਾ   ਕਰਕੇ ਦਿਲ ਦਾ ਦੁਸ਼ਮਣ ਬਣਦਾ ਹੈ। ਜਦ ਕਿ ਐਚਡੀਐਲ (ਹਾਈ ਡੈਨਸਿਟੀ ਲਾਇਪੋਪ੍ਰੋਟੀਨ) ਸਾਡੇ ਲਈ ਲਾਹੇਵੰਦਾ ਹੈ ਤੇ ਦਿਲ ਨੂੰ ਕਾਇਮ ਰੱਖਣ ਵਿੱਚ ਸਹਾਈ ਹੁੰਦਾ ਹੈ। ਜਿਨ੍ਹਾਂ ਦਾ ਭਾਰ ਜ਼ਿਆਦਾ ਹੈ (ਸਾਧਾਰਨ ਭਾਰ ਤੋਂ 10-30% ਵਧੇਰੇ), ਉਨ੍ਹਾਂ  ਨੂੰ ਦਿਲ ਦੀ ਸਮੱਸਿਆ 2- 6 ਗੁਣਾਂ ਵਧੇਰੇ ਹੁੰਦੀ ਹੈ। ‘ਵੇਸਟ’ ਤੇ ‘ਹਿੱਪ’ ਦੀ ਨਾਰਮਲ ਅਨੁਪਾਤ ਔਰਤਾਂ ਵਿੰਚ 0.85 ਤੇ ਪੁਰਸ਼ਾਂ ਵਿੱਚ    0.95 ਹੋਣੀ ਚਾਹੀਦੀ ਹੈ। ਸਵੇਰੇ ਉਠ ਕੇ ਰੋਜ਼ ਸੈਰ ਕਰੋ। ਸਿਗਰਿਟਨੋਸ਼ੀ ਬਲੱਡ ਪ੍ਰੈਸ਼ਰ ਵਧਾਉਂਦੀ ਹੈ ਤੇ ਐਚਡੀਐਲ ਘਟਾਉਂਦੀ ਹੈ। ਖੂਨ ਦੀਆਂ ਨਾੜੀਆਂ ਤੇ ਸੈਲਾਂ ਨੂੰ ਨੁਕਸਾਨ ਪਹੁਚਾਉਂਦੀ ਤੇ ਹਰਟ ਅਟੈਕ ਵਧਾਉਂਦੀ ਹੈ। ਕੋਲੈਸਟਰੋਲ ਦਾ ਪੱਧਰ ਕੁਝ ਵੀ ਹੋਵੇ, ਜੇਕਰ ਵਿਅਕਤੀ ਨੂੰ ਸ਼ੂਗਰ ਰੋਗ ਹੈ ਤਾਂ ਦਿਲ ਦੇ ਦੌਰੇ ਜਾਂ ਬ੍ਰੇਨ ਸਟਰੋਕ ਦਾ ਖ਼ਤਰਾ ਦੁੱਗਣਾ ਜਾਂ ਤਿਗਣਾ ਹੋ ਜਾਂਦਾ ਹੈ। ਸਾਧਾਰਨ ਵਿਅਕਤੀ ਨਾਲੋਂ ਸ਼ੂਗਰ ਦਾ ਮਰੀਜ਼, ਕਈ ਗੁਣਾਂ ਵਧੇਰੇ ਦਿਲ ਦਾ ਰੋਗੀ ਬਣਦਾ ਹੈ। ਸ਼ੂਗਰ ਦੇ ਤਕਰੀਬਨ 80% ਰੋਗੀਆਂ ਦੀ,ਦਿਲ ਦੇ ਦੌਰੇ ਕਾਰਨ ਮੌਤ ਹੁੰਦੀ ਹੈ ।

ਦਿਲ ਦੀ ਸਮੱਸਿਆ ਤੋਂ ਬਚਣ ਲਈ ਵੱਖ ਵੱਖ ਤਰ੍ਹਾਂ ਦੇ ਫ਼ਲ਼ ਤੇ ਸਲਾਦ ਖਾਓ, ਹੋ ਸਕੇ ਤਾਂ ਦਿਨ ਵਿੱਚ ਤਿੰਨ ਚਾਰ   ਵਾਰ। ਇਨ੍ਹਾਂ ਵਿੱਚ ਵਿਟਾਮਿਨਜ਼, ਖਣਿਜ ਤੇ ਐਂਟੀ ਆਕਸੀਡੈਂਟ ਬਹੁਤ ਹੁੰਦੇ ਹਨ। ਚਰਬੀ, ਅਲਪ ਮਾਤਰਾ ਵਿੱਚ ਹੁੰਦੀ ਜਾਂ ਕਹਿ   ਲਓ ਕਿ ਹੁੰਦੀ ਹੀ ਨਹੀਂ।

ਘੱਟ ਚਰਬੀ ਜਾਂ ਚਰਬੀ-ਰਹਿਤ ਆਹਾਰ ਖਾਓ। ਘੱਟ ਚਰਬੀ ਵਾਲਾ ਜਾਂ ਚਰਬੀ ਰਹਿਤ (ਸਕਿੱਮਡ ਜਾਂ ਟੋਨਡ) ਦੁੱਧ ਵਰਤੋ। ਰੈਡ ਮੀਟ ਤੋਂ ਪ੍ਰਹੇਜ਼ ਕਰੋ। ਮੱਛੀ ਤੇ ਕੁਝ ਹੱਦ ਤੱਕ ਕੁੱਕੜ (ਚਿਕਨ) ਲਾਹੇਵੰਦ ਹਨ। ਅਨਾਜ ਵੀ ਅਲੱਗ ਅਲੱਗ ਤਰ੍ਹਾਂ ਦੇ ਖਾਓ। ਛਾਣ-ਬੂਰੇ (ਸੂੜ੍ਹੇ) ਵਾਲੇ ਆਟੇ ਦੀਆਂ ਰੋਟੀਆਂ ਸਿਹਤ ਲਈ ਚੰਗੀਆਂ ਹਨ। ਲੂਣ ਦੀ ਵਰਤੋਂ ਘਟ ਕਰ ਦਿਓ।

ਜੇ ਤੁਸੀਂ ਪੈਗ ਲਾਉਣ ਦੇ ਆਦੀ ਹੋ ਤਾਂ ਇੱਕ ਹੀ ਲਓ। ਥਾਲੀ ਭਰ ਕੇ ਖਾਣਾ ਬੰਦ ਕਰ ਦਿਓ। ਵਧੇਰੇ ਕੈਲਰੀਜ਼ ਤੇ ਘੱਟ ਪੋਸ਼ਟਿਕਤਾ ਵਾਲੀਆਂ ਵਸਤਾਂ ਜਿਵੇਂ ਕੈਂਡੀਜ਼, ਸੌਫ਼ਟ ਡਰਿੰਕਸ, ਜੈਮ, ਜੈਲੀਜ਼ ਤੇ ਹੋਰ ਜੰਕ ਫ਼ੂਡ ਨਾ ਹੀ ਲਓ ਤਾਂ ਚੰਗਾ ਹੈ। ਮਲਾਈ, ਪਰੌਂਠੇ, ਆਈਸ ਕਰੀਮ, ਸਮੋਸੇ, ਕਚੌੜੀਆਂ, ਰਬੜੀ, ਮੱਖਣ, ਪਨੀਰ, ਦੇਸੀ ਘਿਓ ਆਦਿ ਦਾ ਸੇਵਨ ਘੱਟ ਕਰ ਦਿਓ । ਅੰਡੇ ਦਾ ਪੀਲਾ ਭਾਗ, ਬੱਕਰੇ, ਭੇਡੂ ਆਦਿ ਦਾ (ਰੈਡ) ਮੀਟ, ਬਟਰ ਚਿਕਨ, ਪੂਰੀ ਚਰਬੀ ਵਾਲਾ ਦੁੱਧ, ਦੇਸੀ ਘਿਓ, ਮਲਾਈ, ਆਈਸ ਕਰੀਮ, ਰਬੜੀ, ਇਹਨਾਂ ਦੀ ਘਰੋੜੀ, ਮੱਖਣ, ਆਦਿ ਵਿੱਚ ਜ਼ਿਆਦਾ ਕੋਲੈਸਟਰੋਲ ਤੇ ਸੈਚੂਰੇਟਡਫ਼ੈਟ ਹੁੰਦੇ ਹਨ । ਬੇਕਰੀ ਦੇ ਬਿਸਕੁਟ, ਪੈਟੀਜ਼, ਕੇਕ ਤੇ ਪੇਸਟ੍ਰੀਆਂ ਵਿੱਚ ਵੀ ਕਾਫ਼ੀ ਚਰਬੀ ਹੁੰਦੀ ਹੈ। ਦਾਲ, ਸਬਜ਼ੀ ਨੂੰ ਤੜਕਾ ਲਾਉਣ ਲਈ  ਸੈਚੂਰੇਟਡ ਫ਼ੈਟੀ ਏਸਿਡਜ਼ ਜਿਵੇਂ ਬਨਾਸਪਤੀ ਘਿਓ,ਕੋਕੋਨਟ ਤੇ ਪਾਮ ਆਇਲ ਦਿਲ ਲਈ ਮਾੜੇ ਹਨ, ਇਨ੍ਹਾਂ ਤੋਂ ਪ੍ਰਹੇਜ਼ ਕਰੋ ।

ਐਵੇਂ ਨਹੀਂ ਕਿਹਾ ਜਾਂਦਾ ‘ਸਿਆਣੇ ਦਾ ਆਖਿਆ ਤੇ ਔਲ਼ੇ ਦਾ ਖਾਧਾ ਬਾਅਦ ‘ਚ ਪਤਾ ਲਗਦੈ’। ਔਲ਼ੇ ਦਾ ਤੇਲ, ਮੂੰਗਫ਼ਲੀ, ਕਨੋਲਾ ਤੇ  ਸਰੋਂ ਦਾ ਤੇਲ; ਪੂਫ਼ਾ ਸੂਰਜਮੁਖੀ ਦਾ ਤੇਲ, ਸੋਇਆ ਬੀਨ ਦਾ ਤੇਲ; ਤੇ ਓਮੇਗਾ 3-ਫ਼ੈਟੀ ਏਸਿਡਜ਼ ਬਦਲ ਬਦਲ ਕੇ ਵਰਤੋ। ਲਸਣ ਦੀ ਵਰਤੋਂ ਲਾਹੇਵੰਦ ਹੈ । ਜ਼ਰੂਰੀ ਨਹੀਂ ਕਿ ਤੁਸੀਂ ਵਰਜ਼ਿਸ਼ ਵਾਸਤੇ ਜਿੰਮ ਹੀ ਜਾਓ; 30 ਤੋਂ 45 ਮਿੰਟ ਦੀ ਰੋਜ਼ਾਨਾ ਸੈਰ ਤੇ ਵਧੇਰੇ ਕਿਰਿਆਸ਼ੀਲ ਰਹਿਣ ਵਾਲੇ ਕੰਮ ਮੋਟਾਪਾ ਘਟਾਉਂਦੇ ਤੇ ਚੁਸਤ ਦਰੁਸਤ ਰੱਖਦੇ ਹਨ। ਜੇ ਤੁਸੀਂ ਤੰਬਾਕੂ ਦਾ ਸੇਵਨ ਕਰਦੇ ਹੋ ਤਾਂ   ਅੱਜ ਹੀ ਇਸ ਨੂੰ ਛੱਡਣ ਦਾ ਫ਼ੈਸਲਾ ਕਰ ਲਓ। ਇਹ  ਛੱਡਣ ਤੋਂ ਬਾਅਦ 24 ਘੰਟੇ ਦੇ ਅੰਦਰ ਹੀ ਦਿਲ ਦੇ ਦੌਰੇ ਦਾ ਖ਼ਤਰਾ ਘਟਣਾ ਸ਼ੁਰੂ ਹੋ ਜਾਂਦਾ ਹੈ। ਮੂੰਹ ਦੀ ਬਦਬੋ ਤੇ ਸਵਾਦ ਤਕਰੀਬਨ ਇੱਕ ਹਫ਼ਤੇ ਵਿੱਚ ਠੀਕ ਹੋ ਜਾਂਦੇ ਹਨ। ‘ਸਮੋਕਰਜ਼’ ਵਾਲੀ ਖੰਘ ਤਿੰਨਾਂ ਮਹੀਨਿਆਂ ਵਿੱਚ ਹਟ ਜਾਂਦੀ ਹੈ । ਇਹ ਨੰਬਰ ਚੇਤੇ ਰੱਖੋ- 200 100 40 200 । ਇਹ ਮੋਬਾਇਲ ਨੰਬਰ ਨਹੀਂ ਹੈਗਾ, ਇਹ ਹੈ-ਕੋਲੈਸਟ੍ਰੋਲ 200 ਮਿਲੀਗ੍ਰਾਮ ਤੋਂ ਘੱਟ, ਐਲਡੀਐਲ (ਲੋਅ ਡੈਨਸਿਟੀ ਲਾਇਪੋ-ਪ੍ਰੋਟੀਨ) <   100 ਮਿਲੀਗ੍ਰਾਮ %, ਐਚਡੀਐਲ  (ਹਾਈ ਡੈਨਸਿਟੀ ਲਾਇਪੋਪ੍ਰੋਟੀਨ) <   40 ਮਿਲੀਗ੍ਰਾਮ % ਤੇ ਟ੍ਰਾਈਲਸਿਰਾਇਡ <   200  ਮਿਲੀਗ੍ਰਾਮ % । ਅਰਥਾਤ ਭੋਜਨ, ਵਰਜ਼ਿਸ਼ ਤੇ ਕੰਮ-ਕਾਜ ਦੌਰਾਨ ਕਿਰਿਆਸ਼ੀਲ ਰਹਿਣ ਨਾਲ ਇਨ੍ਹਾਂ ਦੇ ਲੈਵਲ, ਉਕਤ ਅਨੁਸਾਰ ਘੱਟ ਰੱਖਣ ਦੇ ਉਪਰਾਲੇ ਕਰਨੇ ਚਾਹੀਦੇ ਹਨ।

ਆਰੰਭ ਵਿੱਚ ਹਾਈ ਬਲ਼ੱਡ ਪ੍ਰੈਸ਼ਰ ਦੇ ਕੋਈ ਲੱਛਣ ਨਹੀਂ ਹੁੰਦੇ, ਸੋ ਗਾਹੇ-ਬ-ਗਾਹੇ  ਇਹ ਚੈਕ   ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਿਹੜੇ ਵਿਅਕਤੀ ਬਲੱਡ ਪ੍ਰੈਸ਼ਰ ਦੇ ਮਰੀਜ਼ ਹਨ, ਉਨ੍ਹਾਂ ਨੂੰ ਨਿਰੰਤਰ ਪ੍ਰਹੇਜ਼, ਕਸਰਤ ਤੇ ਬਾਕਾਇਦਾ ਦਵਾ ਲੈਣੀ ਚਾਹੀਦੀ ਹੈ। ਤੇ ਡਾਕਟਰ ਦੀ ਸਲਾਹ ਤੋਂ ਬਿਨਾ, ਆਪਣੇ ਆਪ ਇਲਾਜ ਬਦਲਨਾ ਜਾਂ ਬੰਦ ਨਹੀਂ ਕਰਨਾ ਚਾਹੀਦਾ। ਆਪਣੇ ਡਾਕਟਰ ਦੀ ਸਲਾਹ ਮੰਨੋ ਤੇ ਉਹੀ ਦਵਾਈਆਂ ਖਾਓ ਜੋ ਡਾਕਟਰ ਨੇ ਦੱਸੀਆਂ ਹਨ, ਆਪਣੀ ਮਰਜ਼ੀ ਨਾ ਕਰੋ।

ਡਾ. ਮਨਜੀਤ ਸਿੰਘ ਬੱਲ

83508- 00237