ਤਾਪਸੀ ਪੱਨੂੰ ਨਾਲ ਨਜ਼ਰ ਆਏਗਾ ਸ਼ਾਹਰੁਖ਼

ਬੌਲੀਵੁਡ ਅਦਾਕਾਰਾ ਤਾਪਸੀ ਪੱਨੂੰ ਫ਼ਿਲਮ ਬਦਲਾ ‘ਚ ਕੰਮ ਕਰ ਚੁੱਕੀ ਹੈ ਜਿਸ ਨੂੰ ਅਦਾਕਾਰ ਸ਼ਾਹਰੁਖ਼ ਖ਼ਾਨ ਦਾ ਸਮਰਥਨ ਮਿਲਿਆ ਸੀ। ਹੁਣ ਇਹ ਖ਼ਬਰ ਆ ਰਹੀ ਹੈ ਕਿ ਉਹ ਰਾਜਕੁਮਾਰ ਹਿਰਾਨੀ ਦੀ ਫ਼ਿਲਮ ‘ਚ ਸ਼ਾਹਰੁਖ਼ ਖ਼ਾਨ ਦੇ ਔਪੋਜ਼ਿਟ ਕੰਮ ਕਰੇਗੀ। ਤਾਪਸੀ ਇਸ ਫ਼ਿਲਮ ‘ਚ ਮੁੱਖ ਹੈਰੋਇਨ ਦਾ ਰੋਲ ਨਿਭਾਏਗੀ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਤਾਪਸੀ ਸ਼ਾਹਰੁਖ ਖ਼ਾਨ ਦੇ ਨਾਲ ਕਿਸੇ ਫ਼ਿਲਮ ‘ਚ ਨਜ਼ਰ ਆਵੇਗੀ। ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਜਿਸ ‘ਚ ਇਹ ਦਾਅਵਾ ਕੀਤਾ ਗਿਆ ਕਿ ਹਿਰਾਨੀ ਸ਼ਾਹਰੁਖ਼ ਖ਼ਾਨ ਨਾਲ ਮੁੰਨਾਭਾਈ MBBS ਬਣਾਉਣਾ ਚਾਹੁੰਦਾ ਹੈ, ਪਰ ਇਸ ਦੀ ਫ਼੍ਰੈਂਚਾਇਜ਼ ਵਿਧੁ ਵਿਨੋਦ ਚੋਪੜਾ ਦੇ ਹੱਥਾਂ ‘ਚ ਹੈ।
ਸ਼ਾਹਰੁਖ਼ ਦੇ ਨਾਲ ਹਿਰਾਨੀ ਦੀ ਆਉਣ ਵਾਲੀ ਫ਼ਿਲਮ ਇੱਕ ਸੋਸ਼ਲ ਕੌਮੇਡੀ ਡਰਾਮਾ ਹੋਵੇਗੀ ਜੋ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਗੱਲ ਕਰੇਗੀ। ਇਸ ‘ਚ ਸ਼ਾਹਰੁਖ਼ ਇੱਕ ਇਮੀਗ੍ਰੈਂਟ ਦਾ ਰੋਲ ਨਿਭਾਉਂਦਾ ਨਜ਼ਰ ਆਵੇਗਾ ਜੋ ਪੰਜਾਬ ਤੋਂ ਕੈਨੇਡਾ ਰਹਿਣ ਚਲਾ ਜਾਂਦਾ ਹੈ। ਦਰਸ਼ਕਾਂ ਨੂੰ ਪਹਿਲੀ ਵਾਰ ਸ਼ਾਹਰੁਖ਼ ਅਤੇ ਤਾਪਸੀ ਦੀ ਔਨਸਕ੍ਰੀਨ ਕੈਮਿਸਟਰੀ ਦੇਖਣ ਨੂੰ ਮਿਲੇਗੀ। ਰਿਪੋਰਟ ਮੁਤਾਬਿਕ, ਇਹ ਫ਼ਿਲਮ 2022 ‘ਚ ਰਿਲੀਜ਼ ਹੋ ਸਕਦੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਜੂਨ ‘ਚ ਸ਼ੁਰੂ ਹੋਵੇਗੀ। ਫ਼ਿਲਹਾਲ ਰਾਜਕੁਮਾਰ ਹਿਰਾਨੀ ਫ਼ਿਲਮ ਦੀ ਸ਼ੂਟਿੰਗ ਲਈ ਜਗ੍ਹਾ ਵੀ ਤਲਾਸ਼ ਕਰ ਰਿਹੈ। ਇਸ ਫ਼ਿਲਮ ਦੇ ਪ੍ਰੀ-ਪ੍ਰੋਡਕਸ਼ਨ ਦਾ ਕੰਮ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ।
ਅਦਾਕਾਰਾ ਤਾਪਸੀ ਨੇ ਆਪਣੀ ਅਗਲੀ ਫ਼ਿਲਮ ਲੂਪ ਲਪੇਟਾ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ ਅਤੇ ਅਨੁਰਾਗ ਕਸ਼ਯਪ ਦੀ ਫ਼ਿਲਮ ਦੋਬਾਰਾ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਜਲਦ ਹੀ ਕ੍ਰਿਕਟਰ ਮਿਤਾਲੀ ਰਾਜ ‘ਤੇ ਬਣਨ ਜਾ ਰਹੀ ਬਾਇਓਪਿਕ ਦੀ ਸ਼ੂਟਿੰਗ ਸ਼ੁਰੂ ਕਰੇਗੀ। ਹਾਲ ਹੀ ‘ਚ ਅਨੁਰਾਗ ਕਸ਼ਯਪ ਨੇ ਦੋਬਾਰਾ ਦਾ ਟੀਜ਼ਰ ਟਵੀਟ ਕੀਤਾ ਸੀ। ਟੀਜ਼ਰ ‘ਚ ਹੀ ਫ਼ਿਲਮ ਦੀ ਝਲਕ ਮਿਲ ਗਈ ਸੀ। ਟੀਜ਼ਰ ‘ਚ ਅਨੁਰਾਗ ਅਤੇ ਤਾਪਸੀ ਇੱਕੱਠੇ ਨਜ਼ਰ ਆ ਰਹੇ ਹਨ। ਅਨੁਰਾਗ ਇਸ ਥ੍ਰੀਲਰ ਫ਼ਿਲਮ ਦਾ ਨਿਰਦੇਸ਼ਨ ਕਰੇਗਾ।