ਨਵੀਂ ਦਿੱਲੀ : ਮੁੰਬਈ ਦੀ ਸੈਸ਼ਨ ਕੋਰਟ ਨੇ ਲਕਸ਼ਰ-ਏ-ਤੋਇਬਾ ਦੇ ਅੱਤਵਾਦੀ ਪਾਕਿਸਤਾਨੀ-ਅਮਰੀਕੀ ਡੇਵਿਡ ਹੇਡਲੀ ਨੂੰ 26/11 ਮੁੰਬਈ ਹਮਲਿਆਂ ਦਾ ਦੋਸ਼ੀ ਮੰਨਿਆ ਹੈ। ਕੋਰਟ ਨੇ ਮੁੰਬਈ ਪੁਲਸ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਹ ਫੈਸਲਾ ਸੁਣਾਇਆ ਹੈ। ਇਸ ਤੋਂ ਪਹਿਲਾਂ ਕੋਰਟ ਨੇ 6 ਨਵੰਬਰ ਨੂੰ ਇਹ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਫਿਲਹਾਲ ਹੇਡਲੀ ਅਮਰੀਕਾ ਦੀ ਜੇਲ ਵਿਚ ਬੰਦ ਹੈ।
ਸੁਣਵਾਈ ਦੌਰਾਨ ਇਸਤਗਾਸਾ ਪੱਖ ਦੀ ਪੈਰਵੀ ਕਰਦੇ ਹੋਏ ਸਰਕਾਰੀ ਵਕੀਲ ਉੱਜਵਲ ਨਿਗਮ ਨੇ ਸੈਸ਼ਨ ਅਦਾਲਤ ਨੂੰ ਕਿਹਾ ਕਿ ਮੁੰਬਈ ਹਮਲਿਆਂ ਦੀ ਸਾਜਿਸ਼ ਰੱਚਣ ਵਾਲੇ ਹੇਡਲੀ ਵਿਰੁੱਧ ਭਾਰਤੀ ਕਾਨੂੰਨ ਮੁਤਾਬਕ ਮਾਮਲਾ ਨਹੀਂ ਚਲ ਰਿਹਾ ਹੈ। ਨਿਗਮ ਨੇ ਕਿਹਾ ਕਿ ਭਾਰਤੀ ਸਜ਼ਾ ਜ਼ਾਬਤਾ ਅਧੀਨ ਇਕ ਅਮਰੀਕੀ ਅਦਾਲਤ ਮਾਮਲਾ ਚਲਾਉਣ ‘ਚ ਸਮਰੱਥ ਨਹੀਂ ਹੈ। ਜਿਸ ਦੋਸ਼ ਲਈ ਹੇਡਲੀ ਨੂੰ ਅਮਰੀਕੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਅਤੇ ਜੋ ਦੋਸ਼ ਅਸੀਂ ਲਾ ਰਹੇ ਹਾਂ ਉਹ ਪੂਰੀ ਤਰ੍ਹਾਂ ਤੋਂ ਵੱਖ ਹਨ।
ਜਸਟਿਸ ਨੇ ਕਿਹਾ ਕਿ ਵਿਦੇਸ਼ੀ ਅਦਾਲਤ ਦਾ ਫੈਸਲਾ ਸਿਰਫ ਪ੍ਰੇਰਕ ਹੈ, ਸਬੂਤ ਨਹੀਂ ਹੋ ਸਕਦਾ। ਹੇਡਲੀ ਨੂੰ ਸੰਭਾਵਿਤ ਥਾਵਾਂ ਦਾ ਸਰਵੇਖਣ ਕਰਨ, ਕਸਾਬ ਅਤੇ ਹੋਰ 9 ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਰਹੇ ਸਥਾਨਾਂ ਦੀ ਵੀਡੀਓ ਨਿਗਰਾਨੀ ਦਾ ਸੰਚਾਲਣ ਕਰਨ ਲਈ ਅਮਰੀਕਾ ‘ਚ ਦੋਸ਼ੀ ਕਰਾਰ ਦਿੱਤਾ ਗਿਆ।















