ਨਵੀਂ ਦਿੱਲੀ,- ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ ਭਾਵੇਂ ਦਿੱਲੀ ਵਾਸੀਆਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ, ਪਰ ਸੜਕਾਂ ਉੱਤੇ ਥਾਂ-ਥਾਂ ’ਤੇ ਪਾਣੀ ਭਰ ਜਾਣ ਅਤੇ ਕਈ ਥਾਵਾਂ ਉੱਤੇ ਮੀਂਹ ਨਾਲ ਵਾਪਰੇ ਹਾਦਸਿਆਂ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ।
ਸੜਕਾਂ ’ਤੇ ਆਵਾਜਾਈ ’ਚ ਰੁਕਾਵਟ ਪੈਣ ਕਾਰਨ ਦਫ਼ਤਰ, ਸਕੂਲ, ਕਾਲਜ ਜਾਂ ਹੋਰ ਜ਼ਰੂਰੀ ਕੰਮਾਂ ’ਤੇ ਜਾਣ ਵਾਲੇ ਹਜ਼ਾਰਾਂ ਲੋਕ ਘੰਟਿਆਂਬੱਧੀ ਫਸੇ ਰਹੇ। ‘ਇੰਡੀਗੋ’ ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਖਰਾਬ ਮੌਸਮ ਕਾਰਨ ਟੀ-1 ’ਤੇ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਏਅਰਲਾਈਨ ਨੇ ਇਕ ਬਿਆਨ ’ਚ ਕਿਹਾ ਕਿ ਇਸ ਕਾਰਨ ਦਿੱਲੀ ’ਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਯਾਤਰੀ ਟਰਮੀਨਲ ’ਚ ਦਾਖਲ ਨਹੀਂ ਹੋ ਪਾ ਰਹੇ ਹਨ।
ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਅਧਿਕਾਰੀਆਂ ਨੂੰ ਇਕ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕਰਨ ਅਤੇ ਭਰੇ ਹੋਏ ਪਾਣੀ ਨੂੰ ਕੱਢਣ ਲਈ ਪੰਪ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਲੈਫਟੀਨੈਂਟ ਗਵਰਨਰ ਦੇ ਦਫਤਰ ਮੁਤਾਬਕ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਉਪ ਰਾਜਪਾਲ ਨੇ ਛੁੱਟੀ ਗਏ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਡਿਊਟੀ ’ਤੇ ਪਰਤਣ ਅਤੇ ਅਗਲੇ 2 ਮਹੀਨਿਆਂ ਤੱਕ ਕੋਈ ਛੁੱਟੀ ਨਾ ਲੈਣ ਦੇ ਨਿਰਦੇਸ਼ ਦਿੱਤੇ ਹਨ।















