ਮੈਲਬਰਨ – ਆਸਟਰੇਲੀਆ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੇ ਸਵੀਕਾਰ ਕੀਤਾ ਹੈ ਕਿ ਉਸ ਦਾ ਟੈੱਸਟ ਕਰੀਅਰ ਹੁਣ ਖ਼ਤਮ ਹੋ ਚੁੱਕਿਆ ਹੈ ਅਤੇ ਉਹ ਆਪਣਾ ਧਿਆਨ ਸਿਰਫ਼ ਸੀਮਿਤ ਓਵਰਾਂ ਦੀ ਕ੍ਰਿਕਟ ‘ਤੇ ਲਾ ਰਿਹਾ ਹੈ ਜਿਸ ‘ਚ ਅਗਲੇ ਤਿੰਨ ਸਾਲਾਂ ‘ਚ ਤਿੰਨ ਵਿਸ਼ਵ ਕੱਪ ਹੋਣੇ ਹਨ। ਮੈਕਸਵੈੱਲ ਨੂੰ ਟੈੱਸਟ ਮੈਚਾਂ ‘ਚ ਜਿੰਨਾ ਵੀ ਮੌਕਾ ਮਿਲੇ, ਉਨ੍ਹਾਂ ‘ਚ ਉਹ ਸੀਮਿਤ ਓਵਰਾਂ ਦੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ‘ਚ ਅਸਫ਼ਲ ਰਿਹਾ। ਉਸ ਨੇ ਸੱਤ ਟੈੱਸਟ ਮੈਚ ਖੇਡੇ ਹਨ ਜਿਨ੍ਹਾਂ ‘ਚ ਆਖ਼ਰੀ ਮੈਚ ਬੰਗਲਾਦੇਸ਼ ‘ਚ 2017 ‘ਚ ਖੇਡਿਆ ਸੀ। ਭਾਰਤ ਵਿਰੁੱਧ ਹਾਲ ‘ਚ ਆਸਟਰੇਲੀਆ ਨੂੰ 4 ਮੈਚਾਂ ਦੀ ਟੈੱਸਟ ਲੜੀ ‘ਚ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਲੜੀ ਦੌਰਾਨ ਆਸਟਰੇਲੀਆ ਦਾ ਮੱਧਕ੍ਰਮ ਜੂਝਦਾ ਹੋਇਆ ਨਜ਼ਰ ਆਇਆ, ਪਰ ਇਸ ਦੇ ਬਾਵਜੂਦ ਮੈਕਸਵੈੱਲ ਨੂੰ ਵਾਪਸੀ ਦੀ ਉਮੀਦ ਨਹੀਂ ਹੈ। 32 ਸਾਲਾ ਮੈਕਸਵੈੱਲ ਨੇ ਕਿਹਾ, ”ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਦੇ (ਟੈੱਸਟ ਟੀਮ ‘ਚ ਵਾਪਸੀ) ਦੇ ਆਸਪਾਸ ਵੀ ਨਹੀਂ ਹਾਂ।”












