ਟੀਮ ਇੰਡੀਆ ਕਿੱਟ ਸਪੌਂਸਰ ਦੀ ਦੌੜ ‘ਚ ਪਿਊਮਾ ਅੱਗੇ, ਐਡੀਡਾਜ਼ ਵੀ ਹੋ ਸਕਦੈ ਸ਼ਾਮਿਲ

ਨਵੀਂ ਦਿੱਲੀ – ਜਰਮਨੀ ਦੀ ਖੇਡ ਸਾਮਾਨ ਅਤੇ ਫ਼ੁਟਵੀਅਰ ਨਿਰਮਾਤਾ ਕੰਪਨੀ ਪਿਊਮਾ ਭਾਰਤੀ ਕ੍ਰਿਕਟ ਟੀਮ ਦੇ ਕਿੱਟ ਸਪੌਂਸਰਸ਼ਿਪ ਦੇ ਅਧਿਕਾਰ ਖ਼ਰੀਦਣ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ ਜਦਕਿ ਉਸ ਦੀ ਵਿਰੋਧੀ ਕੰਪਨੀ ਐਡੀਡਾਜ਼ ਵੀ ਦੌੜ ਵਿੱਚ ਸ਼ਾਮਿਲ ਹੋ ਸਕਦੀ ਹੈ। ਇਸ ਦੀ ਵੀ ਅਜੇ ਪੁਸ਼ਟੀ ਨਹੀਂ ਹੋ ਸਕੀ ਕਿ ਨਾਈਕੀ ਦੋਬਾਰਾ ਬੋਲੀ ਲਗਾਏਗੀ ਜਾਂ ਨਹੀਂ। ਉਹ BCCI ਦੀ ਘੱਟ ਬੋਲੀ ਲਾਉਣ ਦੀ ਪੇਸ਼ਕਸ਼ ਠੁਕਰਾ ਚੁੱਕੀ ਹੈ। ਨਾਇਕੀ ਨੇ 2016 ਤੋਂ 2020 ਲਈ 370 ਕਰੋੜ (ਪਲੱਸ 30 ਕਰੋੜ ਰੌਇਲਟੀ) ਦਿੱਤੇ ਸਨ।
ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ”ਮੈਂ ਇਸ ਦੀ ਪੁਸ਼ਟੀ ਕਰਦਾ ਹਾਂ ਕਿ ਪਿਊਮਾ ਨੇ ITT (ਟੈਂਡਰ ਲਈ ਸੱਦਾ) ਦਸਤਾਵੇਜ਼ ਖ਼ਰੀਦੇ ਹਨ ਜਿਨ੍ਹਾਂ ਦੀ ਕੀਮਤ ਇੱਕ ਲੱਖ ਰੁਪਏ ਹੈ। ਇਸ ਨੂੰ ਖ਼ਰੀਦਣ ਦਾ ਮਤਲਬ ਹਾਲਾਂਕਿ ਇਹ ਨਹੀਂ ਹੈ ਕਿ ਉਹ ਬੋਲੀ ਲਾਉਣ ਹੀ ਜਾ ਰਹੇ ਹਨ। ਪਿਊਮਾ ਨੇ ਬੋਲੀ ਲਾਉਣ ਵਿੱਚ ਅਸਲ ਵਿੱਚ ਦਿਲਚਸਪੀ ਦਿਖਾਈ ਹੈ।” ਸਮਝਿਆ ਜਾਂਦਾ ਹੈ ਕਿ ਐਡੀਡਾਜ਼ ਨੇ ਵੀ ਇਸ ਵਿੱਚ ਦਿਲਚਸਪੀ ਜਤਾਈ ਹੈ, ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਸਪੌਂਸਰਸ਼ਿਪ ਅਧਿਕਾਰਾਂ ਲਈ ਬੋਲੀ ਲਗਾਏਗੀ ਜਾਂ ਨਹੀਂ। ਕੁੱਝ ਦਾ ਮੰਨਣਾ ਹੈ ਕਿ ਜਰਮਨ ਕੰਪਨੀ ਮਰਕਡਾਈਸ ਉਤਪਾਦਾਂ ਲਈ ਆਜ਼ਾਦ ਤੌਰ ‘ਤੇ ਬੋਲੀ ਲਾ ਸਕਦੀ ਹੈ ਜਿਸ ਲਈ ਵੱਖਰਾ ਟੈਂਡਰ ਹੋਵੇਗਾ। ਉਤਪਾਦਾਂ ਦੀ ਵਿਕਰੀ ਇਸ ‘ਤੇ ਵੀ ਨਿਰਭਰ ਕਰਦੀ ਹੈ ਕਿ ਕੰਪਨੀ ਦੇ ਕਿੰਨੇ ਐਕਸਕਿਲਊਸਿਵ ਸਟੋਰ ਜਾਂ ਵਿਕਰੀ ਕੇਂਦਰ ਹਨ। ਪਿਊਮਾ ਦੇ 350 ਤੋਂ ਵੱਧ ਐਕਸਕਲਿਊਸਿਵ ਸਟੋਰ ਹਨ ਜਦਕਿ ਐਡੀਡਾਜ਼ ਦੇ 450 ਤੋਂ ਵੱਧ ਆਊਟਲੈੱਟਸ ਹਨ।
ਇੱਕ ਮਾਹਿਰ ਨੇ ਕਿਹਾ, ”ਜੇਕਰ ਕੰਪਨੀਆਂ 5 ਸਾਲ ਲਈ ਤਕਰੀਬਨ 200 ਕਰੋੜ ਰੁਪਏ ਦੀ ਬੋਲੀ ਲਾ ਕੇ ਅਧਿਕਾਰ ਖ਼ਰੀਦ ਲੈਂਦੀਆਂ ਹਨ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਇਹ ਨਾਇਕੀ ਵਲੋਂ ਚੁਕਾਈ ਗਈ ਪਿਛਲੀ ਰਕਮ ਤੋਂ ਕਾਫ਼ੀ ਘੱਟ ਹੋਵੇਗੀ।” ਉਸ ਨੇ ਕਿਹਾ, ”ਬੋਰਡ ਨੇ ਪਹਿਲਾਂ ਨਾਇਕੀ ਨੂੰ ਪੇਸ਼ਕਸ਼ ਕੀਤੀ ਸੀ ਜਿਸ ਨੇ ਉਸ ਨੂੰ ਠੁਕਰਾ ਦਿੱਤਾ। ਇਸ ਦੇ ਮਾਇਨੇ ਹਨ ਕਿ ਜਾਂ ਤਾਂ ਉਸ ਦੀ ਦਿਲਚਸਪੀ ਨਹੀਂ ਜਾਂ ਉਹ ਹੋਰ ਘੱਟ ਭਾਅ ਦੀ ਬੋਲੀ ਲਾਉਣਾ ਚਾਹੁੰਦੀ ਹੈ।” ਪਿਊਮਾ ਦੀ ਪਿਛਲੇ ਕੁੱਝ ਸਾਲਾਂ ਵਿੱਚ ਭਾਰਤੀ ਬਾਜ਼ਾਰ ਵਿੱਚ ਦਿਲਚਸਪੀ ਵਧੀ ਹੈ। ਖ਼ਾਸ ਤੌਰ ‘ਤੇ IPL ਰਾਹੀਂ ਅਤੇ ਹੁਣ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਟਾਰ ਬੱਲੇਬਾਜ਼ ਕੇ. ਐੱਲ. ਰਾਹੁਲ ਉਸ ਦੇ ਬ੍ਰਾਂਡ ਅੰਬੈਸਡਰ ਹਨ। BCCI ਨੇ ਪਿਛਲੇ ਚੱਕਰ ਵਿੱਚ ਪ੍ਰਤੀ ਮੈਚ ਬੋਲੀ ਦਾ ਬੇਸ ਪ੍ਰਾਈਸ 88 ਲੱਖ ਰੁਪਏ ਰੱਖਿਆ ਸੀ ਜਿਹੜਾ ਘਟਾ ਕੇ 61 ਲੱਖ ਰੁਪਏ ਕਰ ਦਿੱਤਾ ਗਿਆ ਹੈ।