ਜੰਮੂ ਕਸ਼ਮੀਰ ਦੇ ਕੁਲਗਾਮ ‘ਚ ਗ੍ਰਨੇਡ ਹਮਲਾ, ਪੁਲਸ ਮੁਲਾਜ਼ਮ ਸ਼ਹੀਦ

ਸ਼੍ਰੀਨਗਰ – ਜੰਮੂ ਕਸ਼ਮੀਰ ‘ਚ ਕੁਲਗਾਮ ਜ਼ਿਲ੍ਹੇ ਦੇ ਕੈਮੋਹ ਇਲਾਕੇ ‘ਚ ਅਣਪਛਾਤੇ ਅੱਤਵਾਦੀਆਂ ਵਲੋਂ ਕੀਤੇ ਗਏ ਗ੍ਰਨੇਡ ਹਮਲੇ ‘ਚ ਪ੍ਰਦੇਸ਼ ਪੁਲਸ ਦਾ ਇਕ ਜਵਾਨ ਸ਼ਹੀਦ ਹੋ ਗਿਆ। ਪ੍ਰਾਪਤ ਰਿਪੋਰਟ ਅਨੁਸਾਰ ਅੱਤਵਾਦੀਆਂ ਨੇ ਸ਼ਨੀਵਾਰ ਰਾਤ ਕੈਮੋਹ ਇਲਾਕੇ ‘ਚ ਪੁਲਸ ਦਲ ‘ਤੇ ਇਕ ਹੱਥਗੋਲਾ ਸੁੱਟਿਆ, ਜਿਸ ‘ਚ ਜੰਮੂ ਕਸ਼ਮੀਰ ਪੁਲਸ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ (ਜੀ.ਐੱਮ.ਸੀ.) ਹਸਪਤਾਲ ਅਨੰਤਨਾਗ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਸ਼ਹੀਦ ਸਿਪਾਹੀ ਦੀ ਪਛਾਣ ਜੰਮੂ ਡਿਵੀਜ਼ਨ ਦੇ ਪੁੰਛ ਦੇ ਮੇਂਢਰ ਵਾਸੀ ਤਾਹਿਰ ਖਾਨ ਵਜੋਂ ਹੋਈ ਹੈ। ਪੁਲਸ ਨੇ ਟਵੀਟ ਕਰ ਕੇ ਕਿਹਾ,”ਸ਼ਨੀਵਾਰ ਰਾਤ ਕੈਮੋਹ ਕੁਲਗਾਮ ‘ਚ ਗ੍ਰਨੇਡ ਸੁੱਟੇ ਜਾਣ ਦੀ ਸੂਚਨਾ ਮਿਲੀ ਸੀ। ਇਸ ਅੱਤਵਾਦੀ ਘਟਨਾ ‘ਚ ਪੁੰਛ ਦੇ ਮੇਂਢਰ ਵਾਸੀ ਤਾਹਿਰ ਖਾਨ ਨਾਮੀ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਜੀ.ਐੱਮ.ਸੀ. ਹਸਪਤਾਲ ਅਨੰਤਨਾਗ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।”