ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼, ਭਾਰੀ ਮਾਤਰਾ ‘ਚ ਹਥਿਆਰ ਬਰਾਮਦ

ਸ਼੍ਰੀਨਗਰ- ਜੰਮੂ-ਕਸ਼ਮੀਰ ‘ਚ ਸੁਰੱਖਿਆ ਦਸਤਿਆਂ ਨੇ ਸਰਹੱਦੀ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ ਕੋਲ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ 5 ਏ.ਕੇ-47 ਰਾਈਫਲ, 6 ਪਿਸਤੌਲ ਅਤੇ 15 ਗ੍ਰਨੇਡ ਸਮੇਤ ਭਾਰੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਹਨ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਅੱਤਵਾਦੀ ਟਿਕਾਣੇ ਬਾਰੇ ਖੁਫੀਆ ਜਾਣਕਾਰੀ ਮਿਲਣ ‘ਤੇ ਪੁਲਸ ਅਤੇ 6 ਰਾਸ਼ਟਰੀ ਰਾਈਫਲਜ਼ (ਆਰ.ਆਰ.) ਨੇ ਸੋਮਵਾਰ ਨੂੰ ਕੁਪਵਾੜਾ ‘ਚ ਕੰਟਰੋਲ ਰੇਖਾ ਕੋਲ ਜੰਗਲਾਤ ਖੇਤਰ ‘ਚ ਸਾਂਝੀ ਤਲਾਸ਼ ਮੁਹਿੰਮ ਸ਼ੁਰੂ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਦੌਰਾਨ ਸੁਰੱਖਿਆ ਦਸਤਿਆਂ ਨੇ ਇਕ ਅੱਤਵਾਦੀ ਟਿਕਾਣੇ ਅਤੇ ਹਥਿਆਰਾਂ ਦੇ ਜ਼ਖੀਰੇ ਦਾ ਪਰਦਾਫਾਸ਼ ਕੀਤਾ। ਬਰਾਮਦ ਹਥਿਆਰਾਂ ਅਤੇ ਗੋਲਾ-ਬਾਰੂਦ ‘ਚ 5 ਏ.ਕੇ.-47 ਰਾਈਫਲ, 15 ਏ.ਕੇ. ਮੈਗਜ਼ੀਨ, 443 ਏ.ਕੇ. ਰਾਊਂਡ, 2 ਯੂਬੀਜੀਐੱਲ, 57 ਯੂਬੀਜੀਐੱਲ ਗ੍ਰਨੇਡ, 12 9 ਐੱਮ.ਐੱਮ. ਪਿਸਤੌਲ, 15 ਹੱਥਗੋਲੇ (ਹੈਂਡ ਗ੍ਰਨੇਡ) ਅਤੇ 2 ਏ.ਕੇ. ਸਲਿੰਗ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਸਾਂਝੀ ਮੁਹਿੰਮ ਨਾਲ ਕੁਪਵਾੜਾ ‘ਚ ਤਾਇਨਾਤ ਸੁਰੱਖਿਆ ਫੋਰਸਾਂ ਨੇ ਘਾਟੀ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਪਾਕਿਸਤਾਨ ਸਥਿਤ ਅੱਤਵਾਦੀ ਧਿਰਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਸਫਲਤਾਪੂਰਵਕ ਅਸਫ਼ਲ ਕਰ ਦਿੱਤਾ ਹੈ। ਇਸ ਸੰਬੰਧ ‘ਚ ਸੋਮਵਾਰ ਨੂੰ ਇਕ ਸ਼ਿਕਾਇਤ ਦਰਜ ਕੀਤੀ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।