ਜੈਪੁਰ – ਰਾਜਸਥਾਨ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਮਿਲਟਰੀ ਇੰਟੈਲੀਜੈਂਸ ਤੋਂ ਮਿਲੇ ਇਨਪੁਟ ਦੇ ਆਧਾਰ ’ਤੇ ਜੈਪੁਰ ਤੋਂ ਬਬੀਤਾ ਧਾਕੜ ਉਰਫ਼ ਖਦੀਜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਾਬੰਦੀਸ਼ੁਦਾ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੈੱਟਵਰਕ ਨਾਲ ਜੁੜ ਕੇ ਭਾਰਤ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੀ ਸੀ। ਸੁਰੱਖਿਆ ਏਜੰਸੀਆਂ ਦੀ ਜਾਂਚ ’ਚ ਇਸ ਮਾਮਲੇ ਨਾਲ ਜੁੜੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਰਾਜਸਥਾਨ ਏ. ਟੀ. ਐੱਸ. ਨੇ ਜੈਸ਼-ਏ-ਮੁਹੰਮਦ ਦਾ ਸਲੀਪਰ ਸੈੱਲ ਚਲਾਉਣ ਦੀ ਮੁਲਜ਼ਮ ਬਬੀਤਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਬੀਤਾ (37) ਦੇ ਖ਼ਿਲਾਫ਼ ਕਈ ਗੰਭੀਰ ਦੋਸ਼ ਲੱਗੇ ਹਨ। ਉਹ ਜੈਸ਼ ਦੇ ਕਮਾਂਡਰ ਅਬੂ-ਉਬੈਦਾਹ ਦੇ ਸੰਪਰਕ ’ਚ ਸੀ, ਜਿਸ ਨੇ ਉਸਨੂੰ ਆਪਣੇ ਜਾਲ ’ਚ ਫਸਾਇਆ। ਬਬੀਤਾ ਨੇ 2 ਸਾਲ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਅਬੂ-ਉਬੈਦਾਹ ਦੇ ਸੰਪਰਕ ’ਚ ਆਉਣ ਤੋਂ ਬਾਅਦ ਆਪਣੀਆਂ ਨਿੱਜੀ ਸਮੱਸਿਆਵਾਂ ਬਾਰੇ ਉਸ ਨੂੰ ਦੱਸਿਆ। ਬਬੀਤਾ ਹੁਣ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਅਨੁਸਾਰ, ਨਵੰਬਰ ’ਚ ਉਹ ਪਾਕਿਸਤਾਨ ਭੱਜਣ ਦੀ ਪੂਰੀ ਯੋਜਨਾ ਬਣਾ ਚੁੱਕੀ ਸੀ। ਏ. ਟੀ. ਐੱਸ. ਨੇ ਬਬੀਤਾ ਦੀਆਂ ਸ਼ੱਕੀ ਸਰਗਰਮੀਆਂ ’ਤੇ ਨਜ਼ਰ ਰੱਖੀ ਸੀ। ਜਾਂਚ ਦੌਰਾਨ ਕਈ ਦਿਨਾਂ ਤੱਕ ਰੇਕੀ ਕਰਨ ਤੋਂ ਬਾਅਦ ਆਖ਼ਰਕਾਰ ਬਬੀਤਾ ਨੂੰ ਹਿਰਾਸਤ ’ਚ ਲਿਆ ਗਿਆ।















