ਭਾਵੇਂ ਠੰਡ ਹੋਵੇ ਜਾਂ ਗਰਮੀ, ਪਸੀਨਾ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਨਾ ਸਿਰਫ਼ ਸ਼ਰੀਰ ਦੇ ਅੰਦਰ ਦੀ ਗੰਦਗੀ ਬਾਹਰ ਨਿਕਲਦੀ ਹੈ ਸਗੋਂ ਤਾਪਮਾਨ ਵੀ ਕੰਟਰੋਲ ‘ਚ ਰਹਿੰਦਾ ਹੈ, ਪਰ ਜੇਕਰ ਕਿਸੇ ਵਿਅਕਤੀ ਨੂੰ ਬਿਲਕੁੱਲ ਵੀ ਪਸੀਨਾ ਨਹੀਂ ਆਉਂਦਾ ਜਾਂ ਫ਼ਿਰ ਬਹੁਤ ਘੱਟ ਆਉਂਦਾ ਹੈ ਤਾਂ ਇਹ ਸਥਿਤੀ ਜਾਨਲੇਵਾ ਸਾਬਿਤ ਹੋ ਸਕਦੀ ਹੈ। ਇਸ ਸਥਿਤੀ ਨੂੰ ਦੋ ਭਾਗਾਂ ‘ਚ ਸਮਝਿਆ ਜਾ ਸਕਦਾ ਹੈ ਐਨਹੀਡ੍ਰੋਸਿਸ ਅਤੇ ਹਾਈਪੋਹੀਡ੍ਰੋਸਿਸ।
ਕੀ ਹੈ ਐਨਹੀਡ੍ਰੋਸਿਸ ਅਤੇ ਹਾਈਪੋਹੀਡ੍ਰੋਸਿਸ
ਐਨਹੀਡ੍ਰੋਸਿਸ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਵਿਅਕਤੀ ਨੂੰ ਬਿਲਕੁੱਲ ਵੀ ਪਸੀਨਾ ਨਹੀਂ ਆਉਂਦਾ ਜਦਕਿ ਹਾਈਪੋਹੀਡ੍ਰੋਸਿਸ ਦੀ ਸਥਿਤੀ ‘ਚ ਵਿਅਕਤੀ ਨੂੰ ਆਮ ਤੋਂ ਘੱਟ ਪਸੀਨਾ ਆਉਂਦਾ ਹੈ। ਜਿਨ੍ਹਾਂ ਲੋਕਾਂ ਨੂੰ ਭਾਰੇ ਕੰਮ ਅਤੇ ਕਸਰਤ ਤੋਂ ਬਾਅਦ ਵੀ ਪਸੀਨਾ ਨਹੀਂ ਆਉਂਦਾ, ਉਨ੍ਹਾਂ ਵਿੱਚ ਹੀਟ ਸਟ੍ਰੋਕ ਦਾ ਖ਼ਤਰਾ ਵੱਧ ਹੁੰਦਾ ਹੈ। ਜ਼ਿਆਦਾ ਤਾਪਮਾਨ ਕਾਰਣ ਇਹ ਗੰਭੀਰ ਰੂਪ ਲੈ ਸਕਦਾ ਹੈ ਅਤੇ ਦਿਮਾਗ਼ ਦੇ ਨਾਲ-ਨਾਲ ਸ਼ਰੀਰ ਦੇ ਹੋਰ ਅੰਗਾਂ ਨੂੰ ਡੈਮੇਜ ਕਰ ਸਕਦਾ ਹੈ।
ਜਾਨਲੇਵਾ ਹੋ ਸਕਦੈ ਐਨਹੀਡ੍ਰੋਸਿਸ
ਇੰਟਰਨੈਸ਼ਨਲ ਹਾਈਪੋਹੀਡ੍ਰੋਸਿਸ ਸੋਸਾਇਟੀ ਮੁਤਾਬਿਕ ਪਸੀਨਾ ਨਾ ਆਉਣਾ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਐਨਹੀਡ੍ਰੋਸਿਸ ਨਾਲ ਪੀੜਤ ਲੋਕ ਜੇਕਰ ਉੱਚ ਤਾਪਮਾਨ ‘ਚ ਕੋਈ ਸਖ਼ਤ ਐਕਸਰਸਾਈਜ਼ ਕਰਦੇ ਹਨ ਜਾਂ ਵੱਧ ਭਾਰ ਵਾਲਾ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਜ਼ਿੰਦਗੀ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਪਸੀਨਾ ਨਾ ਆਉਣ ਕਾਰਣ ਉਨ੍ਹਾਂ ਨੂੰ ਹੀਟ ਸਟ੍ਰੋਕ ਤੋਂ ਇਲਾਵਾ ਬੇਹੋਸ਼ੀ ਅਤੇ ਚੱਕਰ ਆਉਣ ਲੱਗਦੇ ਹਨ। ਕੁੱਝ ਮਾਮਲਿਆਂ ‘ਚ ਤਾਂ ਹੀਟ ਸਬੰਧੀ ਪ੍ਰੌਬਲਮ ਦਾ ਇਲਾਜ ਨਹੀਂ ਹੋ ਸਕਦਾ ਜਿਸ ਕਾਰਣ ਵਿਅਕਤੀ ਜਾਂ ਤਾਂ ਕੋਮਾ ‘ਚ ਜਾ ਸਕਦਾ ਹੈ ਜਾਂ ਫ਼ਿਰ ਉਸ ਦੀ ਮੌਤ ਹੋ ਸਕਦੀ ਹੈ।
ਕਈ ਕਾਰਣਾਂ ਨਾਲ ਹੋ ਸਕਦੈ ਐਨਹੀਡ੍ਰੋਸਿਸ
ਦਵਾਈਆਂ: ਕੁੱਝ ਦਵਾਈਆਂ ਅਜਿਹੀਆਂ ਹੁੰਦੀਆਂ ਹਨ ਜੋ ਸਵੇਟ ਗਲੈਂਡਜ਼ ਦੇ ਕੰਮ ‘ਚ ਰੁਕਾਵਟ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਬਲੌਕ ਕਰ ਦਿੰਦੀਆਂ ਹਨ। ਖ਼ਾਸ ਕਰ ਕੇ ਇਨ੍ਹਾਂ ਦਵਾਈਆਂ ਦੀ ਵਰਤੋਂ ਮਾਨਸਿਕ ਪਰੇਸ਼ਾਨੀਆਂ ਦੇ ਇਲਾਜ ‘ਚ ਕੀਤੀ ਜਾਂਦੀ ਹੈ।
ਜੱਦੀ: ਕੁੱਝ ਲੋਕਾਂ ‘ਚ ਜਨਮ ਤੋਂ ਹੀ ਸਵੈੱਟ ਗਲੈਂਡਜ਼ ਹੁੰਦੇ ਹੀ ਨਹੀਂ ਹਾਲਾਂਕਿ ਅਜਿਹੇ ਮਾਮਲੇ ਬਹੁਤ ਹੀ ਘੱਟ ਹੁੰਦੇ ਹਨ।
ਨਸਾਂ ‘ਚ ਸੱਟ: ਜੇਕਰ ਉਨ੍ਹਾਂ ਨਸਾਂ ਨੂੰ ਸੱਟ ਪਹੁੰਚੇ ਜੋ ਬਲੱਡ ਪ੍ਰੈਸ਼ਰ ਸਬੰਧੀ ਪਸੀਨਾ ਅਤੇ ਹੋਰ ਅੰਦਰੂਨੀ ਅੰਗਾਂ ਦੇ ਕੰਮ ਨੂੰ ਕੰਟਰੋਲ ਕਰਦੀਆਂ ਹਨ ਤਾਂ ਉਸ ਨਾਲ ਵੀ ਐਨਹੀਡ੍ਰੋਸਿਸ ਯਾਨੀ ਪਸੀਨਾ ਨਾ ਆਉਣ ਦੀ ਸਥਿਤੀ ਬਣ ਸਕਦੀ ਹੈ
ਚਮੜੀ ਸਬੰਧੀ ਸਮੱਸਿਆਵਾਂ: ਇਹ ਸਮੱਸਿਆਵਾਂ ਐਨਹੀਡ੍ਰੋਸਿਸ ਦਾ ਮੁੱਖ ਕਾਰਣ ਮੰਨੀਆਂ ਜਾਂਦੀਆਂ ਹਨ। ਇਹ ਸਮੱਸਿਆਵਾਂ ਰੋਮ ਦੀਆਂ ਮੋਰੀਆਂ ਨੂੰ ਬਲੌਕ ਕਰ ਦਿੰਦੀਆਂ ਹਨ ਜਿਸ ਕਾਰਣ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਹੈ।
ਪਾਣੀ ਦੀ ਕਮੀ: ਸ਼ਰੀਰ ‘ਚ ਪਾਣੀ ਦੀ ਕਮੀ ਅਤੇ ਚਮੜੀ ‘ਤੇ ਕਿਸੇ ਤਰ੍ਹਾਂ ਦੀ ਸੱਟ ਲੱਗਣ ਨਾਲ ਵੀ ਪਸੀਨਾ ਨਾ ਆਉਣ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਐਨਹੀਡ੍ਰੋਸਿਸ ਦਾ ਇਲਾਜ: ਇਸ ਦਾ ਇਲਾਜ ਇਸ ਦੇ ਕਾਰਣਾਂ ‘ਤੇ ਨਿਰਭਰ ਕਰਦਾ ਹੈ। ਕੁੱਝ ਮਾਮਲੇ ਤਾਂ ਇੰਨੇ ਗੰਭੀਰ ਹੁੰਦੇ ਹਨ ਕਿ ਉਨ੍ਹਾਂ ਦਾ ਇਲਾਜ ਸੌਖਾ ਨਹੀਂ ਹੁੰਦਾ ਹੈ, ਪਰ ਜੇਕਰ ਗਰਮੀ ਜਾਂ ਫ਼ਿਰ ਠੰਡ ਨਾਲ ਵੀ ਪਸੀਨਾ ਨਾ ਆਵੇ, ਕੋਈ ਕਸਰਤ ਜਾਂ ਭਾਰਾ ਕੰਮ ਕਰਨ ‘ਤੇ ਵੀ ਪਸੀਨਾ ਮਹਿਸੂਸ ਨਾ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਕੰਬੋਜ










