ਫ਼ਿਲਮ ਇੰਡਸਟਰੀ ‘ਚ ਜਸਜੀਤ ਸਿੰਘ ਗਿੱਲ ਦਾ ਨਾਂ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ। ਦਰਅਸਲ ਪੰਜਾਬੀ ਅਤੇ ਬੌਲੀਵੁਡ ਐਕਟਰ ਜਿੰਮੀ ਸ਼ੇਰਗਿੱਲ ਦਾ ਅਸਲ ਨਾਂ ਜਸਜੀਤ ਸਿੰਘ ਗਿੱਲ ਹੈ। ਜਿੰਮੀ ਸ਼ੇਰਗਿੱਲ ਦਾ ਜਨਮ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਇੱਕ ਛੋਟੇ ਜਿਹੇ ਪਿੰਡ ‘ਚ 3 ਦਸੰਬਰ 1970 ਨੂੰ ਹੋਇਆ ਸੀ। ਉਹ ਭਾਰਤ ਦੀ ਪ੍ਰਸਿੱਧ ਪੇਂਟਰ ਅੰਮ੍ਰਿਤਾ ਸ਼ੇਰਗਿੱਲ ਦੇ ਖ਼ਾਨਦਾਨ ‘ਚੋਂ ਹੈ, ਅਤੇ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਲਖਨਊ ਦੇ ਸੇਂਟ ਫ਼ਰਾਂਸਿਸ ਸਕੂਲ ਤੋਂ ਕੀਤੀ। ਉਸ ਤੋਂ ਬਾਅਦ ਉਹ ਪੰਜਾਬ ਆ ਗਿਆ ਅਤੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਅਤੇ ਬਿਕਰਮ ਕਾਲਜ ਤੋਂ ਆਪਣੀ ਬਾਕੀ ਦੀ ਪੜ੍ਹਾਈ ਪੂਰੀ ਕੀਤੀ।
ਮੁੰਬਈ ਗਿਆ ਕਿਸਮਤ ਅਜ਼ਮਾਉਣ
ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਦੇ ਰਿਸ਼ਤੇ ‘ਚ ਲੱਗਣ ਵਾਲੇ ਭਰਾ ਨੇ ਉਸ ਨੂੰ ਮੁੰਬਈ ਜਾ ਕੇ ਫ਼ਿਲਮਾਂ ‘ਚ ਕਿਸਮਤ ਅਜ਼ਮਾਉਣ ਲਈ ਕਿਹਾ ਜਿਸ ਤੋਂ ਬਾਅਦ ਉਸ ਨੇ ਰੋਸ਼ਨ ਤਨੇਜਾ ਤੋਂ ਐਕਟਿੰਗ ਦੀ ਟਰੇਨਿੰਗ ਲਈ। ਜਿੰਮੀ ਸ਼ੇਰਗਿੱਲ ਨੇ 1996 ‘ਚ ਆਈ ਫ਼ਿਲਮ ਮਾਚਿਸ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਗ਼ੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ ਪੰਜਾਬ ‘ਚ ਅਤਿਵਾਦ ‘ਤੇ ਆਧਾਰਿਤ ਸੀ।
ਮਾਚਿਸ ‘ਨੇ ਕੀਤਾ ਚੰਗਾ ਕਾਰੋਬਾਰ
ਗ਼ੁਲਜਾਰ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ ਮਾਚਿਸ ਨੇ ਬੌਕਸ ਔਫ਼ਿਸ ‘ਤੇ ਵਧੀਆ ਬਿਜ਼ਨਸ ਕੀਤਾ। ਉਸ ਤੋਂ ਬਾਅਦ ਜਿੰਮੀ ਸ਼ੇਰਗਿੱਲ ਕਈ ਵੱਡੇ ਫ਼ਿਲਮ ਨਿਰਮਾਤਾਵਾਂ ਦੀ ਨਜ਼ਰ ‘ਚ ਆਇਆ ਜਿਸ ਤੋਂ ਬਾਅਦ ਫ਼ਿਲਮ ਮਹੱਬਤੇਂ ‘ਚ ਵੀ ਉਸ ਨੂੰ ਕੰਮ ਕਰਨ ਦਾ ਮੌਕਾ ਮਿਲਿਆ। ਮੁੰਨਾ ਭਾਈ MBBS, ਲਗੇ ਰਹੋ ਮੁੰਨਾ ਭਾਈ ਸਮੇਤ ਕਈ ਫ਼ਿਲਮਾਂ ‘ਚ ਉਸ ਨੇ ਆਪਣੀ ਅਦਾਕਾਰੀ ਦੇ ਜਲਵੇ ਬਿਖੇਰੇ।
ਯਾਰਾਂ ਨਾਲ ਬਹਾਰਾਂ ਨਾਲ ਕੀਤੀ ਨਵੀਂ ਪਾਰੀ ਦੀ ਸ਼ੁਰੂਆਤ
ਬੌਲੀਵੁਡ ‘ਚ ਆਪਣਾ ਨਾਮ ਕਮਾਉਣ ਤੋਂ ਬਾਅਦ ਉਸ ਨੇ ਪੌਲੀਵੁਡ ਵੱਲ ਆਪਣਾ ਰੁਖ਼ ਕੀਤਾ ਅਤੇ ਸਾਲ 2005 ‘ਚ ਮਨਮੋਹਨ ਸਿੰਘ ਦੀ ਫ਼ਿਲਮ ਯਾਰਾਂ ਨਾਲ ਬਹਾਰਾਂ ‘ਚ ਕੰਮ ਕਰਕੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ।
ਅਦਾਕਾਰੀ ਸਦਕਾ ਬੁਲੰਦੀਆਂ ਛੂਹੀਆਂ
ਬੌਲੀਵੁਡ ਅਤੇ ਪੰਜਾਬੀ ਫ਼ਿਲਮਾਂ ‘ਚ ਕੀਤੀ ਅਦਾਕਾਰੀ ਨੇ ਉਸ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਅੱਜ ਜਿੰਮੀ ਸ਼ੇਰਗਿੱਲ ਦੀ ਗਿਣਤੀ ਬੌਲੀਵੁਡ ਅਤੇ ਪੌਲੀਵੁਡ ਦੀਆਂ ਨਾਮੀ ਹਸਤੀਆਂ ‘ਚ ਹੁੰਦੀ ਹੈ। ਇਸ ਤੋਂ ਇਲਾਵਾ ਉਸ ਨੇ ਪੰਜਾਬੀ ਫ਼ਿਲਮ ਧਰਤੀ, ਸ਼ਰੀਕ, ਤਨੂ ਵੈੱਡਜ਼ ਮਨੂੰ ਸਮੇਤ ਕਈ ਫ਼ਿਲਮਾਂ ‘ਚ ਕੰਮ ਕੀਤਾ। ਉਹ ਅਜਿਹਾ ਕਲਾਕਾਰ ਹੈ ਜਿਸ ਨੇ ਸਿਰਫ਼ ਪੰਜਾਬੀ ਫ਼ਿਲਮਾਂ ‘ਚ ਹੀ ਨਾਮ ਨਹੀਂ ਕਮਾਇਆ ਸਗੋਂ ਬੌਲੀਵੁਡ ‘ਚ ਵੀ ਆਪਣੀ ਅਦਾਕਾਰੀ ਦਾ ਹੁਨਰ ਦਿਖਾਇਆ ਹੈ।











