ਜਲੰਧਰ ਪਹੁੰਚੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

ਜਲੰਧਰ –ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੰਗਲਵਾਰ ਨੂੰ ‘ਪੰਜਾਬ ਕੇਸਰੀ ਪਰਿਵਾਰ’ਨੂੰ ਮਿਲਣ ਲਈ ਵਿਸ਼ੇਸ਼ ਤੌਰ ’ਤੇ ਜਲੰਧਰ ਪਹੁੰਚੇ ਅਤੇ ਚੋਪੜਾ ਪਰਿਵਾਰ ਨਾਲ ਮੁਲਾਕਾਤ ਕੀਤੀ। ਚੋਪੜਾ ਪਰਿਵਾਰ ਨੇ ਆਪਣੀ ਰਿਹਾਇਸ਼ ’ਤੇ ਪਹੁੰਚਣ ’ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।
ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ‘ਪੰਜਾਬ ਕੇਸਰੀ’ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਜਿੱਥੇ ਸਮਾਜਿਕ, ਧਾਰਮਿਕ ਅਤੇ ਅਧਿਆਤਮਕ ਵਿਸ਼ਿਆਂ ’ਤੇ ਚਰਚਾ ਕੀਤੀ, ਉਥੇ ਹੀ ਉਨ੍ਹਾਂ ਨੂੰ ਡੇਰਾ ਬਿਆਸ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।ਇਥੇ ਇਹ ਵੀ ਦੱਸਣਯੋਗ ਹੈ ਕਿ ਜਿਵੇਂ ਹੀ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਆਉਣ ਦੀ ਖ਼ਬਰ ਦਾ ਪਤਾ ਲੱਗਾ ਤਾਂ ਦਰਸ਼ਨ ਲਈ ਸੰਗਤ ਦਾ ਤਾਂਤਾ ਲੱਗ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਕੈਂਟ ਵਿਖੇ ਸਤਿਸੰਗ ਘਰ ਵੀ ਪਹੁੰਚੇ ਸਨ, ਜਿੱਥੇ ਉਨ੍ਹਾਂ ਸੰਗਤ ਨੂੰ ਦਰਸ਼ਨ ਦਿੱਤੇ।
ਇਸ ਦੌਰਾਨ ਸ਼੍ਰੀ ਵਿਜੇ ਚੋਪੜਾ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਜੀ ਰੂਹਾਨੀਅਤ ਦੇ ਧਨੀ ਹਨ। ਡੇਰਾ ਬਿਆਸ ਨੇ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿਚ ਸੇਵਾ ਭਾਵਨਾ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮੁਸ਼ਕਿਲ ਦੇ ਸਮੇਂ ਮੂਹਰੇ ਰਹਿ ਕੇ ਸਾਥ ਦਿੱਤਾ। ਕੋਰੋਨਾ ਕਾਲ ਦੌਰਾਨ ਡੇਰਾ ਬਿਆਸ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਭੁਲਾਇਆ ਨਹੀਂ ਜਾ ਸਕਦਾ। ਚੋਪੜਾ ਪਰਿਵਾਰ ਨੇ ਬਾਬਾ ਜੀ ਦਾ ਆਪਣੀ ਰਿਹਾਇਸ਼ ’ਤੇ ਪੁੱਜਣ ’ਤੇ ਦਿਲ ਦੀਆਂ ਡੂੰਘਾਈਆਂ ਵਿਚੋਂ ਧੰਨਵਾਦ ਕੀਤਾ।