ਨਵੀਂ ਦਿੱਲੀਂ ਰਾਇਲ ਚੈਲੰਜਰਜ਼ ਬੰਗਲੌਰ (ਆਰ. ਸੀ. ਬੀ.)’ਚ ਸ਼ਾਮਲ ਹੋਣ ਦੇ ਬਾਅਦ ਵੈਸਟ ਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੂੰ ਟੀਮ ਦੇ ਮਾਲਕ ਵਿਜੈ ਮਾਲਿਆ ਦੇ ਗੋਆ ਵਾਲੇ ਬੰਗਲੇ ‘ਚ ਪੰਜ ਦਿਨ ਬਿਤਾਉਣ ਦਾ ਮੌਕਾ ਮਿਲਿਆ, ਜਿੱਥੇ ਉਹ ਰਾਜੇ ਵਾਂਗ ਰਹੇ ਸਨ। ਗੇਲ ਨੇ ਇਸ ਦਾ ਜ਼ਿਕਰ ਆਪਣੀ ਆਤਮਕਥਾ ‘ਸਿਕਸ ਮਸ਼ੀਨ : ਆਈ ਡੌਂਟ ਲਾਈਕ ਕ੍ਰਿਕਟ… ਆਈ ਲਵ ਇਟ’ ਵਿੱਚ ਕੀਤਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ‘ਚ ਆਰ. ਸੀ. ਬੀ. ਲਈ ਖੇਡਦੇ ਹੋਏ ਗੇਲ ਨੇ ਟੀਮ ਮੈਨੇਜਰ ਜਾਰਜ ਅਵਿਨਾਸ਼ ‘ਤੋਂ ਮਾਲਿਆ ਦੇ ਸ਼ਾਨਦਾਰ ਬੰਗਲੇ ਬਾਰੇ ਸੁਣਿਆ ਸੀ। ਦੋ ਮੈਚਾਂ ਵਿੱਚਕਾਰ ਪੰਜ ਦਿਨਾਂ ਦੀ ਬ੍ਰੇਕ ਸੀ, ਇਸ ਲਈ ਗੇਲ ਨੇ ਮਾਲਿਆ ਦੇ ਬੰਗਲੇ ‘ਚ ਜਾਣ ਦੀ ਇੱਛਾ ਜ਼ਾਹਿਰ ਕੀਤੀ। ਗੇਲ ਨੇ ਕਿਹਾ, ” ਮੈਂ ਉਥੇ ਜਾਣ ਦਾ ਫ਼ੈਸਲਾ ਕੀਤਾ ਹੈ। ਹਵਾਈ ਅੱਡੇ ਤੋਂ ਕਾਰ ਮੈਨੂੰ ਲੈਣ ਆਈ ਤੇ ਮੈਂ ਸਿੱਧਾ ਉਥੇ ਪਹੁੰਚ ਗਿਆ। ਉਹ ਹੋਟਲ ‘ਤੋਂ ਵੀ ਵੱਡਾ ਬੰਗਲਾ ਸੀ।”
ਉਨਾਂ ਕਿਹਾ , ”ਇਹ ਜੇਮਸ ਬਾਂਡ ਅਤੇ ਪਲੇਬੁਆਏ ਵਰਗਾ ਬੰਗਲਾ ਸੀ। ਮੈਂ ਪੂਰੇ ਬੰਗਲੇ ‘ਚ ਇਕੱਲਾ ਸੀ ਅਤੇ ਮੈਂ ਅਜਿਹਾ ਬੰਗਲਾ ਪਹਿਲਾਂ ਕਦੇ ਨਹੀਂ ਸੀ ਦੇਖਿਆ। ਦੋ ਨੌਕਰ ਹਮੇਸ਼ਾ ਮੇਰੇ ਨਾਲ ਰਹਿੰਦੇ ਸਨ। ਕਿੰਗਫ਼ਿਸ਼ਰ ਵਿਲਾ ‘ਚ ਕਿੰਗਫ਼ਿਸ਼ਰ ਬੀਅਰ ਦੀ ਕੋਈ ਕਮੀ ਨਹੀਂ ਸੀ। ਮੈਂ ਗੋਲਫ਼ ਕੋਰਟ ‘ਚ ਵੀ ਘੁੰਮਿਆ।” ਕੈਰੇਬੀਆਈ ਬੱਲੇਬਾਜ਼ ਨੇ ਕਿਹਾ, ” ਮੈਨੂੰ ਲੱਗਿਆ ਕਿ ਮੈਂ ਦੁਨੀਆ ਦਾ ਸ਼ਹਿਨਸ਼ਾਹ ਹਾਂ। ਮੈਂ ਹਾਰਲੇ ਡੇਵਿਡਸਨ ਮੋਟਰਸਾਈਕਲ ਚਲਾਈ, ਜਦਕਿ ਮੈਂ ਪਹਿਲਾਂ ਕਦੇ ਮੋਟਰਸਾਈਕਲ ਨਹੀਂ ਚਲਾਈ ਸੀ। ਤਿੰਨ-ਪਹੀਆ ਮੋਟਰਸਾਈਕਲ ਤਾਂ ਮੈਂ ਦੇਖੀ ਹੀ ਨਹੀਂ ਸੀ।”












