ਛੱਤੀਸਗੜ੍ਹ ‘ਚ ਨਕਸਲੀਆਂ ਨੇ IED ਧਮਾਕਾ, CRPF ਦੇ ਚਾਰ ਜਵਾਨ ਜ਼ਖ਼ਮੀ

ਬੀਜਾਪੁਰ- ਰਾਜ ਦੇ ਬੀਜਾਪੁਰ ਜ਼ਿਲ੍ਹੇ ‘ਚ ਨਕਸਲਵਾਦੀਆਂ ਵਲੋਂ ਕੀਤੇ ਗਏ ਆਈ.ਈ.ਡੀ. ਧਮਾਕੇ ‘ਚ ਮੰਗਲਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਚਾਰ ਜਵਾਨ ਜ਼ਖ਼ਮੀ ਹੋ ਗਏ। ਬਸਤਰ ਰੇਂਜ ਦੇ ਪੁਲਸ ਜਨਰਲ ਇੰਸਪੈਕਟਰ ਸੁੰਦਰਰਾਜ ਪੀ ਨੇ ਦੱਸਿਆ ਕਿ ਇਹ ਘਟਨਾ ਮੋਦਕਪਾਲ ਥਾਣਾ ਖੇਤਰ ਦੇ ਮੁਰਕਿਨਾਰ ਰੋਡ ‘ਤੇ ਦੁਪਹਿਰ ਕਰੀਬ 3 ਵਜੇ ਵਾਪਰੀ।
ਘਟਨਾ ਦੇ ਸਮੇਂ ਸੀ.ਆਰ.ਪੀ.ਐੱਫ. ਦੀ 153ਵੀਂ ਬਟਾਲੀਅਨ ਖੇਤਰ ‘ਚ ਇਕ ਮੁਹਿੰਮ ‘ਤੇ ਸੀ। ਉਨ੍ਹਾਂ ਦੱਸਿਆ ਕਿ ਚਿੰਨਾਕੋਦੇਪਾਲ ਕੰਪਲੈਕਸ ਤੋਂ ਮੁਹਿੰਮ ਸ਼ੁਰੂ ਕਰ ਕੇ ਇਸ ਗਸ਼ਤੀ ਦਲ ਨੇ ਮੁਰਕਿਨਾਰ ਰੋਡ ਨਾਲ ਲੱਗੇ ਜੰਗਲਾਂ ਨੂੰ ਘੇਰ ਲਿਆ ਸੀ, ਉਸੇ ਦੌਰਾਨ ਨਕਸਲੀਆਂ ਨੇ ਆਈ.ਈ.ਡੀ. ਵਿਸਫ਼ੋਟ ਕੀਤਾ, ਜਿਸ ‘ਚ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਨੂੰ ਬੀਜਾਪੁਰ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।