ਸੁਪਰਸਟਾਰ ਸ਼ਾਹਰੁਖ਼ ਖ਼ਾਨ ਆਸਟਰੇਲੀਆ ਵਿੱਚ ਇੰਡੀਅਨ ਫ਼ਿਲਮ ਫ਼ੈਸਟੀਵਲ ਔਫ਼ ਮੈਲਬਰਨ (IFFM) ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਹੋਇਆ ਸੀ। ਸ਼ਾਹਰੁਖ਼ ਨੇ ਫ਼ਿਲਮਾਂ ਤੋਂ ਥੋੜ੍ਹੇ ਸਮੇਂ ਲਈ ਬ੍ਰੇਕ ਲਿਆ ਹੋਇਆ ਹੈ। ਹੁਣ ਅਦਾਕਾਰ ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਚੰਗੇ ਸਿਨੇਮਾ ਲਈ ਉਸ ਵਿੱਚ ਹਾਲੇ ਵੀ ਬਹੁਤ ਸਮਰੱਥਾ ਹੈ। ਸ਼ਾਹਰੁਖ਼ (53) ਨੇ ਕਿਹਾ ਕਿ ਆਪਣੇ ਆਲੇ-ਦੁਆਲੇ ਮੌਜੂਦ ਲੋਕਾਂ ਵਿੱਚ ਫ਼ਿਲਮਾਂ ਲਈ ਜਨੂੰਨ ਦੇਖ ਕੇ ਹੀ ਉਸ ਨੂੰ ਹੀ ਚੰਗੀਆਂ ਕਹਾਣੀਆਂ ਸੁਣਨ ਦਾ ਮੌਕਾ ਮਿਲਦਾ ਹੈ।
ਸ਼ਾਹਰੁਖ਼ ਨੇ ਇੱਕ ਖ਼ਬਰ ਏਜੰਸੀ ਨੂੰ ਕਿਹਾ, ”ਚੰਗੀ ਫ਼ਿਲਮਾਂ ਕਰਨ ਲਈ ਜਿਹੜੀ ਗੱਲ ਮੈਨੂੰ ਪ੍ਰੇਰਿਤ ਕਰਦੀ ਹੈ ਉਹ ਮੇਰੇ ਆਲੇ-ਦੁਆਲੇ ਮੌਜੂਦ ਲੋਕ ਹੀ ਹਨ ਜੋ ਅਜਿਹਾ ਬਿਹਤਰੀਨ ਸਿਨੇਮਾ ਬਣਾਉਂਦੇ ਹਨ। ਮੈਂ ਸਮਝਦਾ ਹਾਂ ਕਿ ਮੇਰੇ ਵਿੱਚ ਚੰਗੀਆਂ ਫ਼ਿਲਮਾਂ ਕਰਨ ਦੀ ਸਮਰੱਥਾ ਹਾਲੇ ਵੀ ਬਾਕੀ ਹੈ। ਮੇਰੇ ਅੰਦਰ ਆਉਣ ਵਾਲੇ 20-25 ਸਾਲ ਚੰਗਾ ਸਿਨੇਮਾ ਕਰਨ ਦੀ ਸਮਰੱਥਾ ਬਚੀ ਹੈ।”
ਸ਼ਾਹਰੁਖ਼ ਨੇ ਇਹ ਵੀ ਦੱਸਿਆ ਕਿ ਫ਼ਿਲਮ ਜ਼ੀਰੋ ਤੋਂ ਬਾਅਦ ਉਸ ਨੇ ਕੁੱਝ ਸਮਾਂ ਬ੍ਰੇਕ ਲੈਣ ਦਾ ਫ਼ੈਸਲਾ ਲਿਆ ਅਤੇ ਹੁਣ ਉਹ ਜਗ੍ਹਾ-ਜਗ੍ਹਾ ਘੁੰਮ ਕੇ ਨਵੀਆਂ ਕਹਾਣੀਆਂ ਲੱਭ ਰਿਹੈ। ਉਸ ਨੇ ਕਿਹਾ, ”ਮੈਂ ਹਾਲ ਹੀ ਵਿੱਚ ਜਿਹੜੀ ਆਖ਼ਰੀ ਫ਼ਿਲਮ ਪੂਰੀ ਕੀਤੀ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਸੀ, ਪਰ ਮੈਂ ਇਸ ਨੂੰ ਹਲਕੇ ਵਿੱਚ ਲੈਂਦਾ ਹਾਂ। ਖੁਦ ਨੂੰ ਮੈਂ ਇਹੀ ਕਹਿੰਦਾ ਹਾਂ ਕਿ ਚਲੋ ਥੋੜ੍ਹਾ ਅਸਫ਼ਲਤਾ ਦਾ ਸਵਾਦ ਹੀ ਲੈ ਲਿਆ ਜਾਵੇ। ਇਸ ਲਈ ਮੈਂ 4-5 ਮਹੀਨੇ ਦਾ ਬ੍ਰੇਕ ਲਿਆ ਹੈ।” ਉਸ ਨੇ ਅੱਗੇ ਕਿਹਾ, ”ਕਿਉਂਕਿ ਮੈਂ ਬ੍ਰੇਕ ‘ਤੇ ਚੱਲ ਰਿਹਾ ਸੀ, ਸੋ ਮੈਂ ਇੱਥੇ (ਮੈਲਬੌਰਨ) ਆ ਗਿਆ ਅਤੇ ਇੱਥੇ ਲੋਕਾਂ ਨਾਲ ਮਿਲ ਰਿਹਾ ਹਾਂ। ਨਵੀਆਂ ਕਹਾਣੀਆਂ ਅਤੇ ਚੀਜ਼ਾਂ ਦੀ ਤਲਾਸ਼ ਕਰ ਰਿਹਾ ਹਾਂ ਅਤੇ ਬੌਧਿਕ ਭਾਸ਼ਣ ਦੇ ਰਿਹਾ ਹਾਂ।”
ਇੱਥੇ ਦੱਸ ਦਈਏ ਕਿ ਸ਼ਾਹਰੁਖ਼ ਨੇ ਪਿੱਛਲੇ ਹਫ਼ਤੇ IFFM ਦਾ ਅਧਿਕਾਰਕ ਉਦਘਾਟਨ ਕੀਤਾ ਸੀ ਜਿਸ ਦੀ ਸ਼ੁਰੂਆਤ ਰੀਮਾ ਦਾਸ ਨਿਰਦੇਸ਼ਿਤ ਫ਼ਿਲਮ ਬੁਲਬੁਲ ਕੈਨ ਸਿੰਗ ਦੇ ਪ੍ਰਦਰਸ਼ਨ ਨਾਲ ਹੋਈ। ਇਸ ਫ਼ਿਲਮ ਨੇ ਸਭ ਤੋਂ ਵਧੀਆ ਅਸਮੀ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ।











