ਨਵੀਂ ਦਿੱਲੀ- ਚੀਫ ਜਸਟਿਸ ਡੀ. ਵਾਈ. ਚੰਦਰਚੂੜ 10 ਨਵੰਬਰ (ਐਤਵਾਰ) ਨੂੰ ਸੇਵਾਮੁਕਤ ਹੋ ਜਾਣਗੇ ਪਰ ਉਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵਿਚ ਉਨ੍ਹਾਂ ਦਾ ਆਖਰੀ ਵਰਕਿੰਗ ਡੇ ਸੀ, ਜਿਸ ਵਿਚ ਉਨ੍ਹਾਂ ਦੀ ਵਿਦਾਇਗੀ ਲਈ ਸੈਰੇਮੋਨੀਅਲ ਬੈਂਚ ਬੈਠੀ। ਸ਼ਾਮ ਨੂੰ ਵਿਦਾਇਗੀ ਸਮਾਗਮ ਰੱਖਿਆ ਗਿਆ। ਸਮਾਗਮ ਵਿਚ ਸੀ. ਜੇ. ਆਈ. ਨੇ ਕਿਹਾ ਕਿ ਮੈਂ ਦਿਲੋਂ ਸੁਪਰੀਮ ਕੋਰਟ ਬਾਰ ਐਸੀਸੋਈਏਸ਼ਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੀ ਮਾਂ ਨੇ ਮੈਨੂੰ ਬਚਪਨ ਵਿਚ ਕਿਹਾ ਸੀ ਕਿ ਮੈਂ ਤੇਰਾ ਨਾਂ ਧਨੰਜਯ ਰੱਖਿਆ ਹੈ ਪਰ ਤੇਰੇ ‘ਧਨੰਜਯ’ ਦਾ ‘ਧਨ’ ਭੌਤਿਕ ਜਾਇਦਾਦ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਤੂੰ ਗਿਆਨ ਹਾਸਲ ਕਰੇਂ।
ਇਸ ਦੌਰਾਨ ਚੀਫ ਜਸਟਿਸ ਨੇ ਆਪਣੇ ਪਿਤਾ ਨਾਲ ਜੁੜਿਆ ਇਕ ਕਿੱਸਾ ਵੀ ਸੁਣਾਇਆ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਪੁਣੇ ’ਚ ਇਕ ਛੋਟਾ ਜਿਹਾ ਫਲੈਟ ਖਰੀਦਿਆ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਪੁਣੇ ’ਚ ਫਲੈਟ ਕਿਉਂ ਖਰੀਦ ਰਹੇ ਹੋ? ਅਸੀਂ ਉੱਥੇ ਕਦੋਂ ਰਹਿਣ ਜਾਓਗੇ ਤਾਂ ਉਨ੍ਹਾਂ ਕਿਹਾ ਮੈਨੂੰ ਨਹੀਂ ਪਤਾ ਕਿ ਮੈਂ ਉੱਥੇ ਕਦੇ ਨਹੀਂ ਰਹਿਣ ਵਾਲਾ। ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਸਮੇਂ ਤਕ ਤੇਰੇ ਨਾਲ ਰਹਾਂਗਾ ਪਰ ਇਸ ਫਲੈਟ ਨੂੰ ਉਸ ਵੇਲੇ ਤਕ ਰੱਖੀਂ ਜਦੋਂ ਤਕ ਤੂੰ ਜਸਟਿਸ ਦੇ ਰੂਪ ’ਚ ਆਪਣੀ ਸੇਵਾ ਪੂਰੀ ਨਹੀਂ ਕਰ ਲੈਂਦਾ। ਮੈਂ ਪੁੱਛਿਆ ਅਜਿਹਾ ਕਿਉਂ ਤਾਂ ਉਨ੍ਹਾਂ ਕਿਹਾ ਕਿ ਜੇ ਕਦੇ ਤੈਨੂੰ ਲੱਗੇ ਕਿ ਤੇਰੀ ਨੈਤਿਕਤਾ ਜਾਂ ਬੌਧਿਕ ਈਮਾਨਦਾਰੀ ਨਾਲ ਸਮਝੌਤਾ ਹੋ ਰਿਹਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਤੈਨੂੰ ਇਹ ਪਤਾ ਹੋਵੇ ਕਿ ਤੇਰੇ ਸਿਰ ’ਤੇ ਛੱਤ ਹੈ। ਵਕੀਲ ਜਾਂ ਜੱਜ ਰਹਿੰਦੇ ਹੋਏ ਤੂੰ ਕਦੇ ਵੀ ਇਹ ਸੋਚ ਕੇ ਆਪਣੇ ਅਸੂਲਾਂ ਨਾਲ ਸਮਝੌਤਾ ਨਾ ਕਰੀਂ ਕਿ ਤੇਰੇ ਕੋਲ ਆਪਣਾ ਘਰ ਨਹੀਂ ਹੈ।’’
ਆਖਰੀ ਦਿਨ ਸੀ. ਜੇ. ਆਈ. ਨੇ ਸੁਣੇ 45 ਕੇਸ
ਜਸਟਿਸ ਡੀ. ਵਾਈ. ਚੰਦਰਚੂੜ ਦੇ ਆਖਰੀ ਵਰਕਿੰਗ ਡੇ ’ਤੇ ਸੈਰੇਮੋਨੀਅਲ ਬੈਂਚ ਦੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਹੋਈ। ਇਸ ਬੈਂਚ ਵਿਚ ਉਨ੍ਹਾਂ ਨਾਲ ਜਸਟਿਸ ਮਨੋਜ ਮਿਸ਼ਰਾ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਸੀਨੀਅਰ ਵਕੀਲਾਂ ਤੋਂ ਇਲਾਵਾ 10 ਨਵੰਬਰ ਤੋਂ ਸੀ. ਜੇ. ਆਈ. ਦਾ ਅਹੁਦਾ ਸੰਭਾਲਣ ਵਾਲੇ ਜਸਟਿਸ ਸੰਜੀਵ ਖੰਨਾ ਵੀ ਸ਼ਾਮਲ ਹੋਏ। ਜਸਟਿਸ ਖੰਨਾ ਦੇਸ਼ ਦੇ 51ਵੇਂ ਚੀਫ ਜਸਟਿਸ ਹੋਣਗੇ।
ਸੀ. ਜੇ. ਆਈ. ਬਣਨ ਵਾਲੇ ਇਕਲੌਤੇ ਪਿਤਾ-ਪੁੱਤਰ ਦੀ ਜੋੜੀ
ਜਸਟਿਸ ਚੰਦਰਚੂੜ ਦੇ ਪਿਤਾ ਯਸ਼ਵੰਤ ਵਿਸ਼ਣੂ ਚੰਦਰਚੂੜ ਦੇਸ਼ ਦੇ 16ਵੇਂ ਚੀਫ ਜਸਟਿਸ ਸਨ। ਉਨ੍ਹਾਂ ਦਾ ਕਾਰਜਕਾਲ 22 ਫਰਵਰੀ 1978 ਤੋਂ 11 ਜੁਲਾਈ 1985 ਤਕ ਭਾਵ ਲੱਗਭਗ 7 ਸਾਲ ਤਕ ਰਿਹਾ। ਪਿਤਾ ਦੇ ਰਿਟਾਇਰ ਹੋਣ ਤੋਂ 37 ਸਾਲ ਬਾਅਦ ਉਹ ਉਸੇ ਅਹੁਦੇ ’ਤੇ ਬੈਠੇ। ਜਸਟਿਸ ਚੰਦਰਚੂੜ ਆਪਣੇ ਪਿਤਾ ਦੇ 2 ਵੱਡੇ ਫੈਸਲਿਆਂ ਨੂੰ ਸੁਪਰੀਮ ਕੋਰਟ ਵਿਚ ਪਲਟ ਵੀ ਚੁੱਕੇ ਹਨ। ਸੀ. ਜੇ. ਆਈ. ਚੰਦਰਚੂੜ ਦਾ ਚੀਫ ਜਸਟਿਸ ਦਾ ਕਾਰਜਕਾਲ 9 ਨਵੰਬਰ 2022 ਤੋਂ 10 ਨਵੰਬਰ 2024 ਤਕ ਹੈ।