ਗੀਤਕਾਰੀ ਦੇ ਅੰਬਰ ਦਾ ਧਰੂ ਤਾਰਾ ਸੀ ਆਨੰਦ ਬਖਸ਼ੀ

ਬਚਪਨ ਤੋਂ ਹੀ ਆਨੰਦ ਬਖਸ਼ੀ ਦਾ ਰੇਡੀਓ ਤੋਂ ਨਾਂ ਸੁਣਦੇ ਆਏ ਹਾਂ। ਫ਼ਿਲਮਾਂ ਦੇ ਪੋਸਟਰਾਂ ਅਤੇ ਸਿਨੇਮੇ ਦੀ ਸਕਰੀਨ ‘ਤੇ ਵੀ ਉਸ ਦਾ ਨਾਂ ਹੁੰਦਾ ਸੀ। ਪੁਰਾਣੀ ਗੱਲ ਹੈ ਜਦੋਂ ਮੈਂ ਬੌਂਬੇ ਵਿੱਚ ਸੀ ਤਾਂ ਗੀਤਕਾਰਾਂ ਵਿੱਚੋਂ ਮੈਨੂੰ ਹਸਰਤ ਜੈ ਪੁਰੀ, ਕੈਫ਼ੀ ਆਜ਼ਮੀ, ਗ਼ੁਲਜ਼ਾਰ, ਮਜਰੂਹ ਸੁਲਤਾਨਪੁਰੀ ਵਗੈਰਾ ਨੂੰ ਮਿਲਣ ਲਈ ਕਈ ਮਿੱਤਰ-ਪਿਆਰਿਆਂ ਨੇ ਤਾਕੀਦ ਕੀਤੀ ਪ੍ਰੰਤੂ ਕਿਸੇ ਨੇ ਵੀ ਆਨੰਦ ਬਖਸ਼ੀ ਦੇ ਨਾਂ ਦੀ ਸਿਫ਼ਾਰਸ਼ ਨਾ ਕੀਤੀ। ਮੇਰੇ ਵਲੋਂ ਪੁੱਛਣ ‘ਤੇ ਇੱਕ-ਦੋ ਨੇ ਸਿਰਫ਼ ਐਨਾ ਹੀ ਕਿਹਾ-ਰਹਿਣ ਦੇ ਉਸ ਨੂੰ ਕੀ ਮਿਲਣਾ, ਉਹ ਤਾਂ ਗੀਤਾਂ ਦੀ ਫ਼ੈਕਟਰੀ ਐ ਜਾਂ ਅਜਿਹੀਆਂ ਹੀ ਬਖਸ਼ੀ ਬਾਰੇ ਕਈ ਹੋਰ ਅਫ਼ਵਾਹਾਂ ਫ਼ੈਲਾਈਆਂ ਗਈਆਂ। ਇਸ ਦੇ ਬਾਵਜੂਦ ਮੈਂ ਉਸ ਨੂੰ ਮਿਲਿਆ, ਉਹ ਬਹੁਤ ਹੀ ਨਿੱਘ ਦਿਲੀ ਨਾਲ ਮਿਲਿਆ। ਮੇਰਾ ਘਰ ਬਾਰ, ਪਿਛੋਕੜ ਪੁੱਛਿਆ। ਚਾਹ ਪਿਲਾਈ ਅਤੇ ਗਲਵੱਕੜੀ ਪਾ ਕੇ ਅਤੇ ਵੱਡੇ ਭਰਾਵਾਂ ਵਰਗਾ ਆਸ਼ੀਰਵਾਦ ਦੇ ਕੇ ਤੋਰਿਆ। ਉਸ ਨੇ ਮੇਰੇ ਦੋਸਤਾਂ ਦੇ ਸ਼ੰਕੇ ਨਿਵਿਰਤ ਕੀਤੇ ਸਨ।
ਖ਼ੁਦ ਧੁਨ ਤਿਆਰ ਕਰਨੀ
ਬੇਸ਼ੱਕ ਬਖਸ਼ੀ ਨੂੰ ਸਾਹਿਤ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ, ਪਰ ਗੀਤ ਉਸ ਨੂੰ ਜਿਵੇਂ ਉਤਰਦੇ ਸਨ। ਇੱਕ ਤੋਂ ਬਾਅਦ ਇੱਕ-ਇੱਕ ਦਿਨ ਵਿੱਚ ਉਹ ਦੋ-ਤਿੰਨ ਜਾਂ ਇਸ ਤੋਂ ਵੱਧ ਗੀਤ ਲਿਖਣ ਦਾ ਮਾਹਰ ਸੀ। ਉਹ ਪਹਿਲਾਂ ਆਪਣੇ ਵਲੋਂ ਰਚੇ ਜਾਣ ਵਾਲੇ ਗੀਤਾਂ ਦੀ ਧੁਨ ਖ਼ੁਦ ਹੀ ਤਿਆਰ ਕਰ ਲੈਂਦਾ ਸੀ ਅਤੇ ਸੰਗੀਤਕ ਹਿਸਾਬ ਨਾਲ ਗੁਣਗੁਣਾਏ ਜਾਣ ਮਗਰੋਂ ਅੰਤਿਮ ਛੋਹ ਦੇ ਕੇ ਮੰਗ ਅਨੁਸਾਰ ਗੀਤ ਤਿਆਰ ਹੋ ਕੇ ਕਿਸੇ ਸੰਗੀਤਕਾਰ ਵਲੋਂ ਸੰਗੀਤਬੱਧ ਕਰ ਦਿੱਤਾ ਜਾਂਦਾ ਸੀ। ਆਨੰਦ ਬਖਸ਼ੀ ਦਾ ਜਨਮ ਰਾਵਲਪਿੰਡੀ (ਪੰਜਾਬ, ਪਾਕਿਸਤਾਨ) ਵਿੱਚ ਜੁਲਾਈ 1930 ਨੂੰ ਹੋਇਆ ਸੀ, ਅਤੇ ਉਹ ਆਪਣੀ ਬਣਦੀ ਉਮਰ ਭੋਗ ਕੇ 30 ਮਾਰਚ 2002 ਨੂੰ ਆਪਣੇ ਸਾਹ ਤਿਆਗ਼ ਗਿਆ।
ਗੀਤਕਾਰੀ ਦੀ ਸ਼ੁਰੂਆਤ
ਆਨੰਦ ਬਖਸ਼ੀ ਨੇ ਫ਼ੌਜ ਦੀ ਨੌਕਰੀ ਤਾਂ ਕੀਤੀ ਪਰੰਤੂ ਉਸ ਦਾ ਮਨ ਮੁੱਢ ਤੋਂ ਹੀ ਇੱਕ ਗੀਤਕਾਰ ਬਣਨ ਦਾ ਸੀ। ਫ਼ਿਰ ਉਹ ਗੱਡੀ ਫ਼ੜ ਕੇ ਬੌਂਬੇ ਆ ਪਹੁੰਚਿਆ, ਪਰ ਫ਼ਿਲਮਾਂ ਵਿੱਚ ਗੀਤ ਲਿਖਣ ਲਈ ਉਸ ਨੂੰ ਕਿਸੇ ਨੇ ਹਾਂ ਨਾ ਕੀਤੀ। ਇਸੇ ਦੌਰਾਨ ਉਸ ਨੇ ਕਈ ਠੋਕਰਾਂ ਵੀ ਖਾਂਦੀਆਂ। ਫ਼ਿਰ ਇੱਕ ਦਿਨ ਜਦੋਂ ਉਹ ਭਗਵਾਨ ਦਾਦਾ ਨੂੰ ਮਿਲਣ ਲਈ ਉਸ ਦੇ ਦਫ਼ਤਰ ਗਿਆ ਤਾਂ ਉਹ ਬਹੁਤ ਪਰੇਸ਼ਾਨ ਵਿਖਾਈ ਦਿੱਤਾ। ਜਦੋਂ ਆਨੰਦ ਨੇ ਕਾਰਨ ਪੁੱਛਿਆ ਤਾ ਉਹ ਗੁੱਸੇ ‘ਚ ਬੋਲਿਆ, ”ਤੁਮਹੇਂ ਕਿਆ ਲੇਨਾ, ਚੱਲ ਜਾ ਯਹਾਂ ਸੇ।” ਭਗਵਾਨ ਦਾਦਾ ਦਾ ਮੂਡ ਖ਼ਰਾਬ ਸੀ, ਪਰ ਜਿਵੇਂ ਆਨੰਦ ਬਖਸ਼ੀ ਵੀ ਹਥਿਆਰ ਸੱਟਣ ਵਾਲਾ ਨਹੀਂ ਸੀ। ”ਦਾਦਾ! ਮੁਝੇ ਬਤਾਈਏ ਤੋਂ ਸ਼ਾਇਦ ਮੈਂ ਆਪ ਕੇ ਕੁਛ ਕਾਮ ਆ ਸਕੂੰ।” ਜਦੋਂ ਭਗਵਾਨ ਨੇ ਆਪਣੀ ਚਿੰਤਾ ਦੱਸੀ ਕਿ ਜਿਸ ਗੀਤਕਾਰ ਨੇ ਉਸ ਦੀ ਫ਼ਿਲਮ ਲਈ ਗੀਤ ਲਿਖਣੇ ਸਨ ਉਹ ਮੌਕੇ ‘ਤੇ ਜਵਾਬ ਦੇ ਗਿਆ ਤਾਂ ਬਖਸ਼ੀ ਨੇ ਕਿਹਾ, ”ਬੱਸ ਐਨੀ ਗੱਲ ਤੋਂ ਦੁਖੀ ਹੋ ਰਹੇ ਹੋ ਤੁਸੀਂ? ਮੈਨੂੰ ਹੁਕਮ ਕਰੋ ਮੈਂ ਤੁਹਾਡੇ ਲਈ ਗੀਤ ਲਿਖਦਾ ਹਾਂ।” ਭਗਵਾਨ ਨੇ ਹਾਂ ਕਰ ਦਿੱਤੀ ਅਤੇ ਆਨੰਦ ਬਖਸ਼ੀ ਨੇ ਚਾਰ ਗੀਤ ਲਿਖ ਮਾਰੇ। ਇਹ ਗੱਲ 1957 ਦੀ ਹੈ ਅਤੇ ਫ਼ਿਲਮ ਦਾ ਨਾਂ ਸੀ ਭਲਾ ਆਦਮੀ। ਬੇਸ਼ੱਕ ਉਸ ਭਲੇ ਆਦਮੀ (ਭਗਵਾਨ ਦਾਦਾ) ਲਈ ਉਸ ਨੇ ਫ਼ਿਲਮ ਲਈ ਗੀਤ ਲਿਖੇ ਪਰ ਗੱਲ ਨਹੀਂ ਬਣੀ ਕਿਉਂਕਿ ਨਾ ਫ਼ਿਲਮ ਚੱਲੀ ਅਤੇ ਨਾ ਹੀ ਗਾਣੇ। ਪਰੰਤੂ ਉਸ ਲਈ ਫ਼ਿਲਮਾਂ ਦਾ ਰਸਤਾ ਖੁੱਲ੍ਹ ਗਿਆ, ਅਤੇ ਉਸ ਤੋਂ ਬਾਅਦ ਆਨੰਦ ਬਖਸ਼ੀ ਨੇ ਕਦੇ ਪਿਛਾਂਹ ਪਰਤਕੇ ਨਹੀਂ ਦੇਖਿਆ।
ਸਫ਼ਲਤਾ ਦਾ ਦੌਰ
ਫ਼ਿਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਫ਼ਿਲਮਾਂ ਆਉਂਦੀਆਂ ਰਹੀਆਂ ਅਤੇ ਉਨ੍ਹਾਂ ‘ਚ ਬਖਸ਼ੀ ਦੇ ਲਿਖੇ ਗੀਤ ਹਿੱਟ ਹੁੰਦੇ ਰਹੇ। ਖ਼ਾਸ ਕਰ ਕੇ ਸ਼ਸ਼ੀ ਕਪੂਰ-ਨੰਦਾ ਦੀ ਫ਼ਿਲਮ ਜਬ ਜਬ ਫ਼ੂਲ ਖਿਲ੍ਹੇ ਦੇ ਤਾਂ ਸਾਰੇ ਹੀ ਗੀਤ ਸੁਪਰ ਹਿੱਟ ਸਾਬਤ ਹੋਏ। ਫ਼ਿਲਮ ਦੋ ਰਾਸਤੇ ਅਤੇ ਸੱਚਾ ਝੂਠਾ ਦੇ ਵੀ ਸਾਰੇ ਹੀ ਗੀਤਾਂ ਨੇ ਸਰੋਤਿਆਂ ਨੂੰ ਕੀਲ ਮਾਰਿਆ, ਜਿਵੇਂ ਛੁਪ ਗਏ ਤਾਰੇ ਨਜ਼ਾਰੇ ਉਏ ਕਿਆ ਬਾਤ ਹੋ ਗਈ (ਲਤਾ, ਰਫ਼ੀ) ਜਾਂ ਯੂੰ ਹੀ ਤੁਮ ਮੁਝ ਸੇ ਬਾਤ ਕਰਤੀ ਹੋ (ਰਫ਼ੀ, ਲਤਾ)। ਇਸੇ ਤਰ੍ਹਾਂ, ਫ਼ਿਲਮ ਮੇਰਾ ਗਾਓਂ ਮੇਰਾ ਦੇਸ਼ ਦੇ ਗੀਤ ਵੀ ਲੋਕਾਂ ਨੇ ਬਹੁਤ ਪਸੰਦ ਕੀਤੇਮ ਜਿਵੇਂ ਮਾਰ ਦੀਆ ਜਾਏ ਯਾ ਛੋੜ ਦੀਆ ਜਾਏ, ਬੋਲ ਤੇਰੇ ਸਾਥ ਕਯਾ ਸਲੂਕ ਕੀਆ ਜਾਏ। ਆਨੰਦ ਬਖਸ਼ੀ ਦੇ ਗੀਤਾਂ ਵਿੱਚ ਕੇਵਲ ਤੁਕਬੰਦੀ ਹੀ ਨਹੀਂ ਸੀ ਬਲਕਿ ਸ਼ਾਇਰੀ ਅਤੇ ਸਾਹਿਤਕ ਸੰਵੇਦਨਸ਼ੀਲਤਾ ਵੀ ਸੀ। ਹਰ ਪ੍ਰੋਡਿਊਸਰ ਡਾਇਰੈਕਟਰ ਉਸੇ ਦੇ ਗੀਤ ਆਪਣੀਆਂ ਫ਼ਿਲਮਾਂ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਸੀ। ਬੇਸ਼ੱਕ ਉਸ ਦੇ ਜ਼ਿਆਦਾ ਗੀਤ ਲਕਸ਼ਮੀ ਕਾਂਤ ਪਿਆਰੇ ਲਾਲ ਲਈ ਲਿਖੇ ਪਰ ਦੂਸਰੇ ਸੰਗੀਤਕਾਰਾਂ ਨੇ ਵੀ ਉਸ ਨੂੰ ਚਾਹ ਕੇ ਲਿਆ। ਆਧੁਨਿਕ ਸੰਗੀਤ ਕਲਾ ਨਾਲ ਲੈਸ ਰਾਹੁਲ ਦੇਵ ਬਰਮਨ ਨੇ ਵੀ ਉਸ ਦੀ ਗੀਤਕਾਰੀ ਦਾ ਸਿੱਕਾ ਮੰਨਿਆ ਅਤੇ ਆਪਣੀਆਂ ਸੰਗੀਤਕ ਧੁੰਨਾਂ ਨਾਲ ਉਨ੍ਹਾਂ ਨੂੰ ਫ਼ਿਲਮਾਂ ਤੇ ਸਰੋਤਿਆਂ ਸਨਮੁੱਖ ਕੀਤਾ। ਸ਼ੋ ਮੈਨ ਸੁਭਾਸ਼ ਘਈ ਨੇ ਉਸ ਦੇ ਗੀਤਾਂ ਨੂੰ ਆਪਣੀਆਂ ਫ਼ਿਲਮਾਂ ਹੀਰੋ ਅਤੇ ਤਾਲ ਦਾ ਹਿੱਸਾ ਬਣਾਇਆ।
ਆਖ਼ਰੀ ਸਾਹ ਤਕ ਲਿਖੇ ਗੀਤ
ਬਖਸ਼ੀ ਵਲੋਂ ਜਿਨ੍ਹਾਂ ਫ਼ਿਲਮਾਂ ਲਈ ਗੀਤ ਲਿਖੇ ਉਨ੍ਹਾਂ ਵਿੱਚੋਂ ਕੁੱਝ ਇੱਕ ਦੇ ਨਾਂ ਇਸ ਪ੍ਰਕਾਰ ਹਨ ਆਏ ਦਿਨ ਬਹਾਰ ਕੇ, ਆਨ ਮਿਲੋ ਸੱਜਨਾ, ਆਸ ਪਾਸ, ਆਪ ਕੇ ਸਾਥ, ਰਾਜਪੂਤ, ਰਾਜਾ ਜਾਨੀ, ਡਕੈਤ, ਬਚਪਨ, ਹਿਫ਼ਜ਼ਾਤ, ਬਾਬੀ, ਪਤੀ ਪਤਨੀ ਔਰ ਤਵਾਇਫ਼, ਆਸ਼ਾ, ਅਰਪਣ, ਵੈਰਾਗ ਆਦਿ। ਉਸ ਨੇ ਮਰਦੇ ਦਮ ਤੀਕ ਗੀਤ ਲਿਖੇ ਪਰ ਉਸ ਦੇ ਗੀਤਾਂ ਦੀ ਸੂਚੀ ਇਸ ਨਿੱਕੇ ਜਿਹੇ ਲੇਖ ਵਿੱਚ ਦੱਸਣੀ ਸੰਭਵ ਨਹੀਂ ਪਰ ਫ਼ਿਰ ਵੀ ਪਾਠਕਾਂ ਦੀ ਨਜ਼ਰ ਕੁੱਝ ਇੱਕ ਗੀਤਾਂ ਦੀਆਂ ਸਤਰਾਂ ਪੇਸ਼ ਹਨ ਬਿੰਦਿਆ ਚਮਕੇਗੀ (ਲਤਾ), ਯੇ ਰੇਸ਼ਮੀ ਜੁਲਫ਼ੇਂ ਯੇ ਸ਼ਰਬਤੀ ਆਖੇਂ (ਰਫ਼ੀ), ਪਰਦੇਸੀਓਂ ਸੇ ਨਾ ਅੱਖੀਆਂ ਮਿਲਾਨਾ (ਰਫ਼ੀ, ਲਤਾ), ਯੁੱਗ ਯੁੱਗ ਸੇ ਹਮ ਗੀਤ ਮਿਲਨ ਕੇ ਗਾਤੇ ਰਹੇਂ ਹੈ ਗਾਤੇ ਰਹੇਂਗੇ (ਲਤਾ, ਮੁਕੇਸ਼), ਮੈ ਤੋਂ ਦੀਵਾਨਾ … (ਮੁਕੇਸ਼, ਮਿਲਨ), ਮੇਰੇ ਦੁਸ਼ਮਣ ਤੂੰ ਮੇਰੀ ਦੋਸਤੀ ਕੋ ਤਰਸੇ (ਰਫ਼ੀ), ਮੈਂ ਸ਼ਾਇਰ ਤੋਂ ਨਹੀਂ ਮਗਰ ਐ ਹੁਸੀਨ ਤੁਮਕੋ ਦੇਖਾ ਤੋ ਸ਼ਾਇਰੀ ਆ ਗਈ (ਸ਼ੈਲੇਵਦਰ ਸਿੰਘ), ਸ਼ੀਸ਼ਾ ਹੋ ਯਾ ਦਿਲ ਹੋ ਆਖ਼ਿਰ ਟੂਟ ਜਾਤਾ ਹੈ (ਲਤਾ), ਜਾਨੇ ਕਿਉਂ ਲੋਗ ਮੁਹੱਬਤ ਕੀਆ ਕਰਤੇ ਹੈਂ (ਲਤਾ)।
ਹਰ ਤਰ੍ਹਾਂ ਦੇ ਗੀਤ ਲਿਖੇ
ਆਨੰਦ ਬਖਸ਼ੀ ਨੇ ਕੇਵਲ ਰੋਮੈਂਟਿਕ ਗੀਤ ਹੀ ਨਹੀਂ ਲਿਖੇ, ਉਸ ਦੇ ਉਦਾਸ ਗੀਤਾਂ ਨੇ ਵੀ ਲੋਕ-ਮਨਾ ਨੂੰ ਟੁੰਬਿਆ, ਜਿਵੇਂ ਮੇਰੇ ਨਸੀਬ ਮੇ ਐ ਦੋਸਤ ਤੇਰਾ ਪਿਆਰ ਨਹੀਂ (ਦੋ ਰਾਸਤੇ), ਮੇਰੇ ਦੀਵਾਨੇਪਨ ਕੀ ਭੀ ਕੋਈ ‘(ਮਹਿਬੂਬ ਕੀ ਮਹਿੰਦੀ)। ਆਨੰਦ ਬਖਸ਼ੀ ਦੇ ਵਿਭਿੰਨ ਫ਼ਿਲਮਾਂ ਲਈ ਲਿਖੇ ਹਰ ਤਰ੍ਹਾਂ ਦੇ ਗੀਤ ਹੀ ਲੋਕਾਂ ਪਸੰਦ ਕੀਤੇ। ਚਾਹੇ ਉਹ ਰੋਮੈਂਟਿਕ ਸਨ, ਉਦਾਸੀ ਭਰੇ ਜਾਂ ਲੋਕ ਗੀਤਾਂ ਦੇ ਮੁਖੜਿਆਂ ਵਰਗੇ। ਉਸ ਦੇ ਗੀਤ ਗਾਉਣ ਵਾਲੇ ਗਾਇਕ, ਗਾਇਕਾਵਾਂ ਵੀ ਵਜੂਦ ਵਿੱਚ ਆ ਜਾਂਦੇ ਸਨ ਅਤੇ ਸੰਗੀਤਕਾਰਾਂ ਦੇ ਸਾਜ਼ਿੰਦੇ ਤਕ ਗਾਉਣ ਲੱਗ ਜਾਂਦੇ ਸਨ। ਉਸ ਦੇ ਗੀਤਾਂ ਨੂੰ ਲਗਭਗ ਹਰ ਇੱਕ ਗਾਇਕ ਨੇ ਗਾਇਆ ਹੈ ਜਿਨ੍ਹਾਂ ‘ਚ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਕਿਸ਼ੋਰ ਕੁਮਾਰ, ਆਸ਼ਾ ਭੋਂਸਲੇ, ਸੁਮਨ ਕਲਿਆਨਪੁਰ, ਆਦਿ ਪ੍ਰਸਿੱਧ ਗਾਇਕ ਗਾਇਕਾਵਾਂ ਸ਼ਾਮਿਲ ਹਨ।
ਗੀਤਾਂ ਨੂੰ ਰੱਬੀ ਦਾਤ ਮੰਨਣਾ
ਆਨੰਦ ਬਖਸ਼ੀ ਨੂੰ ਗਾਉਣ ਦਾ ਵੀ ਸ਼ੌਕ ਸੀ, ਅਤੇ ਉਹ ਕਦੇ ਕਦਾਈਂ ਫ਼ਿਲਮਾਂ ਦੇ ਕਿਸੇ ਗੀਤ ਦੇ ਮੁਖੜੇ ਦੇ ਰੂਪ ਵਿੱਚ ਜਾਂ ਪੂਰੇ-ਪੂਰੇ ਗੀਤ ਵੀ ਗਾ ਲੈਂਦਾ ਸੀ। ਇੱਕ ਫ਼ਿਲਮ ਮੋਮ ਕੀ ਗੁੜੀਆ ਵਿੱਚ ਉਸ ਨੇ ਦੋ ਗੀਤ ਗਾਏ ਵੀ ਸਨ, ਮੈਂ ਢੂੰਡ ਰਹਾ ਥਾ ਸਪਨੋ ਮੇਂ ਅਤੇ ਬਾਗੋਂ ਮੇ ਬਹਾਰ ਆਈ (ਲਤਾ ਨਾਲ)। ਮੈਨੂੰ ਉਹ ਕਾਫ਼ੀ ਪੁਰਾਣੀ ਮੁਲਾਕਾਤ ਹਾਲੇ ਵੀ ਨਹੀਂ ਭੁੱਲਦੀ ਜਦੋਂ ਉਸ ਨੇ ਗੱਲਾਂ-ਗੱਲਾਂ ਵਿੱਚ ਇੱਕ ਵਾਕ ਦੁਹਰਾਇਆ ਸੀ, ”ਬੇਸ਼ਕ ਮੈਂ ਮਿੱਥ ਕੇ ਲਿਖਦਾ ਹਾਂ ਸਥਿਤੀ ਮੁਤਾਬਿਕ ਇਹ ਮੇਰੀ ਮਜਬੂਰੀ ਵੀ ਹੈ, ਪਰ ਐ ਦੇਖੋ ਮੇਰੀ ਡਾਇਰੀ ਗੀਤਾਂ ਨਾਲ ਭਰੀ ਪਈ ਹੈ। ਇਹ ਰੱਬੀ ਦਾਤ ਐ ਖ਼ੁਦਾ ਦੀ ਦੇਣ ਹੈ।” ਆਨੰਦ ਬਖਸ਼ੀ ਨੂੰ ਸੱਚਮੁੱਚ ਹੀ ਗੀਤਾਂ ਦੀ ਰੱਬੀ ਦਾਤ ਮਿਲੀ ਹੋਈ ਸੀ ਜੋ ਉਸ ਦੇ ਅੰਤਿਮ ਸਾਹਾਂ ਤਕ ਨਿਭੀ। ਬਿਨਾਂ ਸ਼ੱਕ ਉਹ ਗੀਤ ਸੰਗੀਤ ਦੇ ਆਕਾਸ਼ ਦਾ ਧਰੂ ਤਾਰਾ ਸੀ ਜਿਸ ਦੀ ਚਮਕ ਕਦੇ ਵੀ ਮੱਧਮ ਨਹੀਂ ਹੋਈ ਅਤੇ ਨਾ ਹੀ ਹੋਵੇਗੀ।