ਨਵੀਂ ਦਿੱਲੀ – ਭਾਰਤੀ ਟੀਮ ਦੇ ਲਈ ਵਿਦੇਸ਼ ‘ਚ ਟੈੱਸਟ ਸੀਰੀਜ਼ ਜਿੱਤਣ ‘ਤੇ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਦਾ ਕਹਿਣਾ ਹੈ ਕਿ ਭਾਰਤੀ ਟੀਮ ‘ਚ ਵਧੀਆ ਬੱਲੇਬਾਜ਼ ਅਤੇ ਗੇਂਦਬਾਜ਼ ਹਨ, ਪਰ ਵਿਦੇਸ਼ੀ ਧਰਤੀ ‘ਤੇ ਟੈੱਸਟ ਸੀਰੀਜ਼ ਜਿੱਤਣ ਲਈ ਉਨ੍ਹਾਂ ਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਹੋਣ ਦੀ ਜ਼ਰੂਰਤ ਹੈ। ਭਾਰਤ ਨੂੰ ਵਨ ਡੇ ਸੀਰੀਜ਼ ‘ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ 5 ਟੈੱਸਟ ਸੀਰੀਜ਼ ‘ਚ ਵੀ ਭਾਰਤੀ ਟੀਮ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ 4-1 ਨਾਲ ਹਾਰ ਗਈ।
ਗਿਲਕ੍ਰਿਸਟ ਨੇ ਕਿਹਾ ਕਿ ਵਿਦੇਸ਼ੀ ਦੌਰਿਆਂ ‘ਤੇ ਖੇਡਣਾ ਚੁਣੌਤੀਪੂਰਨ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਭਾਰਤ ਕੋਲ ਮਜ਼ਬੂਤ ਗੇਂਦਬਾਜ਼ੀ ਆਕ੍ਰਮਣ ਹੈ ਅਤੇ ਕੁੱਝ ਵਧੀਆ ਬੱਲੇਬਾਜ਼ ਹਨ। ਭਾਰਤ ਦੇ ਕੋਲ ਵਿਰਾਟ ਕੋਹਲੀ ਇਸ ਸਮੇਂ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ ਹੈ। ਉਸ ਕੋਲ ਵਿਦੇਸ਼ੀ ਦੌਰਿਆਂ ‘ਤੇ ਖੇਡਣ ਦੀ ਸਮਰਥਾ ਹੈ। ਗਿਲਕ੍ਰਿਸਟ ਤੋਂ ਜਦੋਂ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ‘ਚ ਵਿਰਾਟ ਕੋਹਲੀ ਦੀ ਕਪਤਾਨੀ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ‘ਤੇ ਕੋਈ ਕੌਮੇਂਟ ਕਰਨ ਤੋਂ ਮਨ੍ਹਾ ਕਰ ਦਿੱਤਾ, ਪਰ ਇਹ ਜ਼ਰੂਰ ਕਿਹਾ ਕਿ ਉਹ ਕੋਹਲੀ ਸਕਾਰਾਤਮਕ ਰਵੱਈਏ ਨੂੰ ਪਸੰਦ ਕਰਦਾ ਹੈ। ਗਿਲਕ੍ਰਿਸਟ ਨੇ ਕਿਹਾ ਕਿ ਕੋਹਲੀ ਦੀ ਕਪਤਾਨੀ ‘ਚ ਬਹੁਤ ਮਜ਼ਬੂਤ ਇਰਾਦਾ ਨਜ਼ਰ ਆਉਂਦਾ ਹੈ ਅਤੇ ਉਹ ਸਕਾਰਾਤਮਕਤਾ ਤੋਂ ਆਪਣੀ ਟੀਮ ਨੂੰ ਅੱਗੇ ਵਧਾਉਂਦੈ। ਮੈਂ ਤਕਨੀਕੀ ਰੂਪ ਤੋਂ ਇਸ ‘ਤੇ ਕੌਮੇਂਟ ਕਰਨ ਯੋਗ ਨਹੀਂ ਹਾਂ ਕਿਉਂਕਿ ਮੈਂ ਸਿਰਫ਼ ਹਾਈਲਾਈਟਸ ਦੇਖੇ ਹਨ। ਭਾਰਤੀ ਟੀਮ ਨਵੰਬਰ ਤੋਂ ਲੈ ਕੇ ਅਗਲੇ ਸਾਲ ਜਨਵਰੀ ਤਕ ਆਸਟਰੇਲੀਆ ਦਾ ਦੌਰਾ ਕਰੇਗੀ ਜਿਸ ‘ਚ ਟੀਮ 4 ਟੈੱਸਟ ਮੈਚ, 3 ਟੀ-20 ਤੇ 3 ਵਨ ਡੇ ਮੈਚ ਖੇਡੇਗੀ।












