ਸਿਡਨੀ – ਸਟੀਵ ਸਮਿਥ ਦੇ ਦੂਜੇ ਐਸ਼ੇਜ਼ ਟੈੱਸਟ ਮੈਚ ਵਿੱਚ ਜੋਫ਼੍ਰਾ ਆਰਚਰ ਦੇ ਬਾਊਂਸਰ ‘ਤੇ ਜ਼ਖ਼ਮੀ ਹੋਣ ਤੋਂ ਬਾਅਦ ਆਸਟਰੇਲੀਆਈ ਕ੍ਰਿਕਟਰਾਂ ਲਈ ਗਰਦਨ ਦੀ ਸੁਰੱਖਿਆ ਵਾਲਾ ਹੈਲਮੇਟ ਪਹਿਨਣਾ ਜ਼ਰੂਰੀ ਕੀਤਾ ਜਾ ਸਕਦਾ ਹੈ। ਆਸਟਰੇਲੀਆ ਦੇ ਫ਼ਿਲਿਪ ਹਿਊਜ਼ ਦੀ ਮੌਤ ਤੋਂ ਬਾਅਦ ਤੋਂ ਆਸਟਰੇਲੀਆ ਸੁਰੱਖਿਆ ਇੰਤਜ਼ਾਮ ਅਪਨਾਉਣ ‘ਤੇ ਜ਼ੋਰ ਦੇ ਰਿਹਾ ਹੈ। ਹਿਊਜ਼ 2014 ਵਿੱਚ ਸ਼ੈੱਫ਼ੀਲਡ ਸ਼ੀਲਡ ਦੇ ਇੱਕ ਮੈਚ ਦੌਰਾਨ ਬਾਊਂਸਰ ਨਾਲ ਜ਼ਖ਼ਮੀ ਹੋ ਗਿਆ ਸੀ, ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ।
ਹਿਊਜ਼ ਦੀ ਮੌਤ ਤੋਂ ਬਾਅਦ ਆਸਟਰੇਲੀਆ ਦੇ ਪਹਿਲੀ ਸ਼੍ਰੇਣੀ ਦੇ ਕ੍ਰਿਕਟਰਾਂ ਨੂੰ ਗਰਦਨ ਦੀ ਸੁਰੱਖਿਆ ਵਾਲੇ ਹੈਲਮੇਟ ਪਹਿਨਣ ਦੀ ਸਿਫ਼ਾਰਿਸ਼ ਕੀਤੀ ਗਈ ਸੀ। ਇਸ ਨੂੰ ਸਟੈੱਮ ਗਾਰਡਜ਼ ਕਿਹਾ ਜਾਂਦਾ ਹੈ, ਪਰ ਇਹ ਜ਼ਰੂਰੀ ਨਹੀਂ ਹਨ ਅਤੇ ਸਮਿਥ ਵੀ ਅਜਿਹਾ ਹੈਲਮੇਟ ਪਹਿਨ ਕੇ ਖੇਡਣ ਲਈ ਉਤਰਿਆ ਸੀ ਜਿਸ ‘ਤੇ ਸਟੈੱਮ ਗਾਰਡਜ਼ ਨਹੀਂ ਸਨ ਲੱਗੇ ਹੋਏ।
ਕ੍ਰਿਕਟ ਆਸਟਰੇਲੀਆ ਦੇ ਖੇਡ ਵਿਗਿਆਨ ਅਤੇ ਖੇਡ ਡਾਕਟਰੀ ਪ੍ਰਮੁੱਖ ਐਲੈਕਸ ਕੌਂਟੋਰਿਸ ਨੇ ਕਿਹਾ ਕਿ ਇਸ ਤਰ੍ਹਾਂ ਦਾ ਹੈਲਮੇਟ ਪਹਿਨਣਾ ਜਲਦ ਹੀ ਜ਼ਰੂਰੀ ਕੀਤਾ ਜਾ ਸਕਦਾ ਹੈ। ਐਲੈਕਸ ਨੇ ਖ਼ੁਲਾਸਾ ਕੀਤਾ ਕਿ ICC, ਕ੍ਰਿਕਟ ਆਸਟਰੇਲੀਆ, ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ ਅਤੇ ਹੈਲਮੇਟ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਇਸ ਨੂੰ ਲੈ ਕੇ ਸਮੀਖਿਆ ਵੀ ਕੀਤੀ।












