ਡਾ. ਮਨਜੀਤ ਸਿੰਘ ਬੱਲ (ਫ਼ੋਨ: ?)
ਗਦੂਦਾਂ ਦੀ ਸਮੱਸਿਆ ਭਾਰਤੀਆਂ, ਜਪਾਨੀਆਂ, ਕੋਰੀਅਨਾਂ ਅਤੇ ਬੰਟੂਜ਼ ਦੇ ਮੁਕਾਬਲੇ ਅਮਰੀਕਾ ਦੇ ਅਫ਼ਰੀਕੀ ਬਾਸ਼ਿੰਦਿਆਂ ਵਿੱਚ ਵਧੇਰੇ ਅਤੇ ਉਮਰ ਦਾ ਇੱਕ ਦਹਾਕਾ ਪਹਿਲਾਂ ਹੋ ਜਾਂਦੀ ਹੈ। ਪਿਸ਼ਾਬ ਦੀ ਥੋੜ੍ਹੀ-ਥੋੜ੍ਹੀ ਰੁਕਾਵਟ ਕਾਫ਼ੀ ਦੇਰ ਤਕ ਚੱਲਦੀ ਹੈ। ਸਿਆਲਾਂ ਵਿੱਚ ਜ਼ਿਆਦਾ ਠੰਢ ਨਾਲ ਜਾਂ ਵਧੇਰੇ ਪੈੱਗ ਲਾਉਣ ਨਾਲ ਇੱਕਦਮ ਪਿਸ਼ਾਬ ਰੁਕ ਜਾਂਦਾ ਹੈ ਜਾਂ ਇੰਝ ਕਹਿ ਲਓ ਕਿ ਪਿਸ਼ਾਬ ਦਾ ਬੰਨ੍ਹ ਪੈ ਜਾਂਦਾ ਹੈ ਅਤੇ ਐਮਰਜੈਂਸੀ ਵਿੱਚ ਹਸਪਤਾਲ ਜਾਣਾ ਪੈਂਦਾ ਹੈ ਜਿੱਥੇ ਪਿਸ਼ਾਬ ਕੱਢਣ ਲਈ ਨਾਲੀ ਜਾਂ ਕੈਥੀਟਰ ਪਾਉਣਾ ਪੈਂਦਾ ਹੈ।
ਬਜ਼ੁਰਗ ਬਾਬੇ ਦਾ ਪਿਸ਼ਾਬ ਥੋੜ੍ਹਾ-ਥੋੜ੍ਹਾ ਜ਼ਿਆਦਾ ਵਾਰ ਜਾਂ ਰੁਕ-ਰੁਕ ਕੇ ਆਵੇ ਜਾਂ ਧਾਰ ਬੱਝ ਕੇ ਨਾ ਆਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹਦੇ ਗਦੂਦ ਵੱਧ ਗਏ ਹਨ। 50 ਸਾਲ ਦੀ ਉਮਰ ਤੋਂ ਪਹਿਲਾਂ ਇਹ ਤਕਲੀਫ਼ ਘੱਟ ਹੀ ਹੁੰਦੀ ਹੈ। ਤਕਰੀਬਨ ਹਰ 70-72 ਜਾਂ ਵਡੇਰੀ ਉਮਰ ਦੇ ਬਾਬੇ ਨੂੰ ਇਹ ਸਮੱਸਿਆ ਹੋ ਹੀ ਜਾਂਦੀ ਹੈ ਜਾਂ ਕੁੱਝ ਪ੍ਰਤੀਸ਼ਤ ਲੋਕ ਬਚੇ ਰਹਿੰਦੇ ਹਨ। ਅੰਕੜਿਆਂ ਅਨੁਸਾਰ, 80 ਸਾਲ ਤੋਂ ਵੱਧ ਉਮਰ ਦੇ ਮਰਦਾਂ ਦੇ ਪੋਸਟ-ਮਾਰਟਮ ਤੋਂ ਪਤਾ ਲੱਗਦਾ ਹੈ ਕਿ 80 ਪ੍ਰਤੀਸ਼ਤ ਬਜ਼ੁਰਗ ਮਰਦਾਂ ਵਿੱਚ ਗਦੂਦ ਵਧੇ ਹੁੰਦੇ ਹਨ।
ਕੀ ਹੈ ਗਦੂਦ ਜਾਂ ਪ੍ਰੌਸਟੇਟ? ਮਸਾਨੇ (ਯੂਰੇਨਰੀ ਬਲੈਡਰ) ਦੇ ਜ਼ਰਾ ਹੇਠਾਂ ਅਤੇ ਗੁਦਾ ਦੇ ਅਗਲੇ ਪਾਸੇ ਇਹ ਇੱਕ ਛੋਟੀ ਜਿਹੀ ਗ੍ਰੰਥੀ ਹੁੰਦੀ ਹੈ ਜੋ ਮਸਾਨੇ ਤੋਂ ਸ਼ੁਰੂ ਹੋਣ ਵਾਲੀ ਪਿਸ਼ਾਬ ਨਾਲੀ ਦੇ ਦੁਆਲੇ ਹੁੰਦੀ ਹੈ ਜਾਂ ਇੰਝ ਕਹਿ ਲਓ ਕਿ ਗਦੂਦ ਵਿੱਚੋਂ ਦੀ ਹੋ ਕੇ ਬਾਹਰ ਨਿਕਲਦੀ ਹੈ। ਪਿਸ਼ਾਬ ਨਾਲੀ ਰਾਹੀਂ ਵੀਰਜ ਅਤੇ ਪਿਸ਼ਾਬ ਬਾਹਰ ਆਉਂਦੇ ਹਨ।
ਗਦੂਦ ਦਾ ਮੁੱਖ ਕੰਮ ਹੈ ਵੀਰਜ ਦਾ ਤਰਲ ਭਾਗ ਪੈਦਾ ਕਰਨਾ। ਪਤਾਲੂਆਂ ਵਿੱਚ ਬਣੇ ਵੀਰਜ ਕਣ ਇਸ ਤਰਲ ਨਾਲ ਮਿਲ ਕੇ ਵੀਰਜ ਪਾਤ ਦੌਰਾਨ ਪਿਸ਼ਾਬ ਨਾਲੀ ‘ਚੋਂ ਨਿਕਲਦੇ ਹਨ। ਇੱਕ ਬਾਲਗ ਮਰਦ ਵਿੱਚ ਗਦੂਦ ਗ੍ਰੰਥੀ ਦਾ ਭਾਰ 20 ਗ੍ਰਾਮ ਅਤੇ ਆਕਾਰ ਇੱਕ ਅਖਰੋਟ ਜਿੰਨਾ ਹੁੰਦਾ ਹੈ ਜੋ ਅਧਖੜ ਉਮਰ ਵਿੱਚ ਕੁੱਝ ਵੱਧ ਜਾਂਦਾ ਹੈ। ਉਸ ਤੋਂ ਬਾਅਦ ਥੋੜ੍ਹਾ-ਥੋੜ੍ਹਾ ਵਧਦਾ ਹੀ ਰਹਿੰਦਾ ਹੈ। ਇਹ ਵਾਧਾ ਕੈਂਸਰ ਨਹੀਂ ਹੁੰਦਾ। ਆਮ ਭਾਸ਼ਾ ਵਿੱਚ ਇਸ ਵਾਧੇ ਨੂੰ ਵਧੀਆਂ ਹੋਈਆਂ ਗਦੂਦਾਂ ਕਹਿੰਦੇ ਹਨ। ਇਸ ਹਾਲਤ ਵਿੱਚ ਇਸ ਦਾ ਭਾਰ 200 ਗ੍ਰਾਮ ਜਾਂ ਇਸ ਤੋਂ ਵੱਧ ਵੀ ਹੋ ਸਕਦਾ ਹੈ। ਪਿਸ਼ਾਬ ਨਾਲੀ ਦੇ ਦੁਆਲੇ ਹੋਣ ਕਰ ਕੇ ਆਕਾਰ ਦੇ ਇਸ ਵਾਧੇ ਨਾਲ ਪਿਸ਼ਾਬ ਵਿੱਚ ਰੁਕਾਵਟ ਆਉਂਦੀ ਹੈ।
ਗੁਦਾ ਦੇ ਅਗਲੇ ਪਾਸੇ ਹੋਣ ਕਰ ਕੇ ਇਸ ਗ੍ਰੰਥੀ ਦਾ ਮੁਆਇਨਾ ਕਰਨ ਲਈ ਗੁਦਾ ਦੇ ਰਸਤੇ ਹੀ ਇਸ ਦਾ ਮੁਆਇਨਾ ਕੀਤਾ ਜਾਂਦਾ ਹੈ। ਵਧੀਆਂ ਹੋਈਆਂ ਗਦੂਦਾਂ ਤੋਂ ਇਲਾਵਾ ਕਈ ਵਾਰ ਗਦੂਦ ਦੇ ਕੈਂਸਰ ਨਾਲ ਵੀ ਪਿਸ਼ਾਬ ਰੁਕਣ ਦੀ ਤਕਲੀਫ਼ ਹੋ ਸਕਦੀ ਹੈ। ਪੱਛਮੀ ਦੇਸ਼ਾਂ ਵਿੱਚ ਇਹ ਕੈਂਸਰ ਮਰਦਾਂ ਦੇ ਕੈਂਸਰਾਂ ਵਿੱਚ ਦੂਜੇ ਨੰਬਰ ‘ਤੇ ਹੈ। ਪਿਛਲੇ ਦੋ ਦਹਾਕਿਆਂ ਵਿੱਚ ਗਦੂਦਾਂ ਦੇ ਕੈਂਸਰ ਕਾਰਨ ਮੌਤਾਂ ਦੀ ਦਰ ਦੁੱਗਣੀ ਹੋਈ ਹੈ। ਆਉਣ ਵਾਲੇ ਸਾਲਾਂ ਵਿੱਚ ਮਰਦਾਂ ਦਾ ਇਹ ਕੈਂਸਰ ਇੱਕ ਨੰਬਰ ‘ਤੇ ਵੀ ਆ ਸਕਦਾ ਹੈ।
ਭਾਰਤ ਦੀ ਨੈਸ਼ਨਲ ਕੈਂਸਰ ਰੈਜਿਸਟਰੀ ਅਨੁਸਾਰ ਵੀ ਪਿਛਲੇ ਕੁੱਝ ਸਾਲਾਂ ਵਿੱਚ ਇਸ ਕੈਂਸਰ ਦੀ ਦਰ ਵਧੀ ਹੈ, ਉਹ ਵੀ ਘੱਟ ਉਮਰ ਦੇ ਮਰਦਾਂ ਵਿੱਚ। ਉਂਝ ਇਹ ਵਾਧਾ ਇਹ ਨਹੀਂ ਦਰਸਾਉਂਦਾ ਕਿ ਗਦੂਦਾਂ ਦਾ ਕੈਂਸਰ ਕੋਈ ਮਹਾਂਮਾਰੀ ਵਾਂਗ ਫ਼ੈਲ ਰਿਹਾ ਹੈ ਬਲਕਿ ਇਸ ਦਾ ਪਤਾ ਲਗਾਉਣ ਵਾਲੀਆਂ ਵਿਧੀਆਂ ਅਤੇ ਸ਼ੱਕੀ ਕੇਸਾਂ ਦੀ ਸਕਰੀਨਿੰਗ ਉਪਲਬਧ ਹੋ ਜਾਣ ਕਰ ਕੇ ਇਹ ਵਾਧਾ ਹੋ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ 30 ਪ੍ਰਤੀਸ਼ਤ ਕੇਸਾਂ ਵਿੱਚ ਮੁੱਢਲੀ ਸਟੇਜ ‘ਤੇ ਪਤਾ ਲਗਾ ਲੈਣ ਕਰ ਕੇ ਇਸ ਰੋਗ ਦਾ ਇਲਾਜ ਵੀ ਸੰਭਵ ਹੋਇਆ ਹੈ। 40 ਸਾਲ ਦੀ ਉਮਰ ਤੋਂ ਪਹਿਲਾਂ ਇਹ ਕੈਂਸਰ ਨਹੀਂ ਹੁੰਦਾ। ਵਧਦੀ ਉਮਰ ਨਾਲ ਇਸ ਦਾ ਖ਼ਤਰਾ ਵਧਦਾ ਜਾਂਦਾ ਹੈ।
ਕਿਉਂ ਹੁੰਦਾ ਹੈ ਇਹ ਕੈਂਸਰ? ਅਜੇ ਤਕ ਇਸ ਦਾ ਪਤਾ ਨਹੀਂ ਲੱਗ ਸਕਿਆ। ਫ਼ਿਰ ਵੀ ਖੋਜਕਾਰ ਕਹਿੰਦੇ ਹਨ ਕਿ ਇਸ ਵਾਸਤੇ ਜ਼ਿਆਦਾ ਚਰਬੀ ਵਾਲੇ ਸ਼ਾਕਾਹਾਰੀ ਭੋਜਨ ਅਤੇ ਜਨੈਟਿਕਸ ਕਸੂਰਵਾਰ ਹਨ। 60 ਤੋਂ ਬਾਅਦ ਜਿਉਂ-ਜਿਉਂ ਉਮਰ ਵਧਦੀ ਹੈ ਇਹ ਕੈਂਸਰ ਵਿਕਸਿਤ ਹੋਣ ਦੇ ਚਾਂਸ ਵੀ ਵਧਦੇ ਹਨ। ਇਸ ਤੋਂ ਉੱਪਰ ਵਾਲੀ ਉਮਰ ਵਾਲੇ ਮਰਦਾਂ ‘ਚੋਂ 85 ਤੋਂ 95 ਪ੍ਰਤੀਸ਼ਤ ਤਕ ਗਦੂਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ। ਗਦੂਦਾਂ ਦਾ ਕੈਂਸਰ ਮੁੱਢਲੀ ਸਟੇਜ ‘ਤੇ ਮਰੀਜ਼ ਨੂੰ ਕੋਈ ਤਕਲੀਫ਼ ਨਹੀਂ ਦਿੰਦਾ, ਪਿਸ਼ਾਬ ਦੀ ਥੋੜ੍ਹੀ ਬਹੁਤ ਰੁਕਾਵਟ ਹੋ ਸਕਦੀ ਹੈ ਜਾਂ ਥੋੜ੍ਹਾ-ਥੋੜ੍ਹਾ ਕਰ ਕੇ ਆਉਣ ਲੱਗਦਾ ਹੈ। ਇਸ ਸਟੇਜ ‘ਤੇ ਡਾਕਟਰੀ ਮੁਆਇਨੇ ਅਤੇ ਅਲਟਰਾ ਸਾਊਂਡ ਨਾਲ ਪਤਾ ਲਗਾਇਆ ਜਾ ਸਕਦਾ ਹੈ। ਖ਼ੂਨ ਦੇ ਟੈੱਸਟ, PSA ਤੋਂ ਕਾਫ਼ੀ ਹੱਦ ਤਕ ਪਤਾ ਲਗ ਸਕਦਾ ਹੈ ਕਿ ਪਿਸ਼ਾਬ ਦੀ ਰੁਕਾਵਟ ਗਦੂਦਾਂ ਦੇ ਕੈਂਸਰ ਕਰ ਕੇ ਹੈ ਜਾਂ ਵਧੀਆਂ ਹੋਈਆਂ ਗਦੂਦਾਂ ਕਰਕੇ, ਪਰ ਪੱਕਾ ਪਤਾ ਬਾਰੀਕ ਸੂਈ ਦੇ ਟੈੱਸਟ ਨਾਲ ਹੀ ਲਗਦਾ ਹੈ। ਕਈ ਵਾਰ ਕੈਂਸਰ ਦੇ ਟੈੱਸਟ ਵਜੋਂ ਸੂਈ ਦੇ ਬੋਰ ਰਾਹੀਂ ਗਦੂਦ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਟੈੱਸਟ ਕੀਤਾ ਜਾਂਦਾ ਹੈ। ਸਾਧਾਰਨ ਹਾਲਤਾਂ ਵਿੱਚ PSA ਦਾ ਲੈਵਲ 4 ਹੁੰਦਾ ਹੈ, ਇਹ ਲੈਵਲ ਵੱਧ ਹੋਵੇ ਤਾਂ ਅੱਗੋਂ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੇ ਇਲਾਜ ਲਈ ਮਾਹਿਰ ਡਾਕਟਰ ਯੂਰੌਲੋਜਿਸਟ ਹੁੰਦਾ ਹੈ ਜੋ ਰੈਡੀਕਲ ਪ੍ਰੋਸਟੇਟੈਕਟੌਮੀ, ਬਰੇਕੀ ਥੈਰੇਪੀ, ਬੀਮ ਥੈਰੇਪੀ ਜਾਂ ਹੌਰਮੋਨਜ਼ ਨਾਲ ਇਸ ਦਾ ਇਲਾਜ ਕਰਦਾ ਹੈ। ਇਸ ਵਾਸਤੇ ਔਰਤਾਂ ਦੇ ਹੌਰਮੋਨਜ਼ (ਯਾਨੀ ਈਸਟਰੋਜਨ) ਵੀ ਦਿੱਤੇ ਜਾਂਦੇ ਹਨ ਜਿਸ ਦੇ ਸਾਈਡ ਇਫ਼ੈਕਟ ਵਜੋਂ ਰੋਗੀ ਦੀਆਂ ਔਰਤਾਂ ਵਾਂਗ ਛਾਤੀ ਵੱਧ ਜਾਂਦੀ ਹੈ। ਕਈ ਹਾਲਤਾਂ ਵਿੱਚ ਇਲਾਜ ਵਜੋਂ ਸਰਜਰੀ ਰਾਹੀਂ ਪਤਾਲੂ ਵੀ ਹਟਾਏ ਜਾਂਦੇ ਹਨ। ਸੋ ਵੱਡੀ ਉਮਰੇ ਕਿਸੇ ਤਰ੍ਹਾਂ ਦੀ ਪਿਸ਼ਾਬ ਦੀ ਰੁਕਾਵਟ ਜਾਂ ਕੋਈ ਹੋਰ ਤਕਲੀਫ਼ ਉਤਪੰਨ ਹੋਵੇ ਤਾਂ ਘਰੇਲੂ ਨੁਸਖ਼ੇ ਨਾ ਅਜ਼ਮਾਓ, ਨੀਮ-ਹਕੀਮਾਂ ਕੋਲ ਨਾ ਜਾਓ, ਮਾਹਿਰ ਡਾਕਟਰ (ਯੂਰੌਲੋਜਿਸਟ) ਕੋਲੋਂ ਜਾਂਚ ਕਰਵਾ ਕੇ ਇਲਾਜ ਕਰਵਾਓ।
ਗਦੂਦਾਂ ਨੂੰ ਤੰਦਰੁਸਤ ਰੱਖਣ ਲਈ: ਵਧੇਰੇ ਚਿਕਨਾਹਟ ਜਾਂ ਥਿੰਦੇ ਵਾਲੇ ਵਿਅੰਜਨਾਂ, ਰੈੱਡ ਮੀਟ (ਬੱਕਰਾ, ਭੇਡੂ ਆਦਿ) ਅਤੇ ਸਿਗਰਟ ਤੋਂ ਪਰਹੇਜ਼ ਕਰੋ। ਸ਼ਰਾਬ ਤੋਂ ਪਰਹੇਜ਼ ਕਰੋ, ਅਤੇ ਜੇ ਜ਼ਰੂਰ ਹੀ ਪੀਣੀ ਹੈ ਤਾਂ ਇੱਕ ਹਾੜਾ ਹੀ ਲਾਓ। ਫ਼ਲ, ਹਰੀਆਂ ਸਬਜ਼ੀਆਂ (ਫੁੱਲ ਗੋਭੀ, ਬੰਦ ਗੋਭੀ, ਗੰਢ ਗੋਭੀ, ਟਮਾਟਰ ਆਦਿ) ਲਾਹੇਵੰਦ ਹਨ। ਰੋਜ਼ ਵਰਜਿਸ਼/ ਸਵੇਰੇ ਸ਼ਾਮ ਜ਼ਰੂਰ ਕਰੋ। ਸ਼ਰੀਰ ਦਾ ਭਾਰ ਕੰਟਰੋਲ ਵਿੱਚ ਰੱਖੋ।










