ਕੋਹਲੀ ਟੈੱਸਟ ਰੈਕਿੰਗ ‘ਚ ਦੂਜੇ ਸਥਾਨ ‘ਤੇ ਬਰਕਰਾਰ

Image Courtesy :punjab.news18

ਦੁਬਈ – ਭਾਰਤੀ ਕਪਤਾਨ ਵਿਰਾਟ ਕੋਹਲੀ ਕੌਮਾਂਤਰੀ ਕ੍ਰਿਕਟ ਪਰਿਸ਼ਦ (ICC) ਵਲੋਂ ਜਾਰੀ ਕੀਤੀ ਗਈ ਨਵੀਂ ਰੈਕਿੰਗ ਵਿੱਚ ਟੈੱਸਟ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ‘ਤੇ ਕਾਬਜ਼ ਹੈ ਜਦਕਿ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਸ਼ਨੀਵਾਰ ਨੂੰ ਖ਼ਤਮ ਹੋਏ ਪਹਿਲੇ ਟੈੱਸਟ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕ੍ਰਿਸ ਵੋਕਸ ਅਤੇ ਸ਼ਾਨ ਮਸੂਦ ਨੇ ਲੰਬੀ ਛਲਾਂਗ ਲਗਾਈ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਚੋਟੀ ‘ਤੇ ਆਸਟਰੇਲੀਆ ਦੇ ਸਟੀਵ ਸਮਿਥ, ਦੂਜੇ ਸਥਾਨ ‘ਤੇ ਕੋਹਲੀ ਅਤੇ ਤੀਜੇ ਸਥਾਨ ‘ਤੇ ਨਿਊ ਜ਼ੀਲੈਂਡ ਦਾ ਕੈੱਨ ਵਿਲੀਅਮਸਨ ਪਹਿਲਾਂ ਦੀ ਤਰ੍ਹਾਂ ਹੀ ਬਣੇ ਹੋਏ ਹਨ। ਚੋਟੀ 10 ਬੱਲੇਬਾਜ਼ਾਂ ‘ਚ ਚੇਤੇਸ਼ਵਰ ਪੁਜਾਰਾ (ਅੱਠਵੇਂ) ਅਤੇ ਰਹਾਣੇ (10ਵੇਂ) ਵੀ ਪਹਿਲਾਂ ਦੀ ਤਰ੍ਹਾਂ ਆਪਣੀ ਰੈਂਕਿੰਗ ‘ਤੇ ਬਰਕਰਾਰ ਹੈ।
ਪਾਕਿਸਤਾਨ ਦਾ ਆਜ਼ਮ ਛੇਵੇਂ ਜਦਕਿ ਇੰਗਲੈਂਡ ਦਾ ਕਪਤਾਨ ਜੋ ਰੂਟ ਨੌਵੇਂ ਸਥਾਨ ‘ਤੇ ਬਰਕਰਾਰ ਹੈ। ਬੈੱਨ ਸਟੋਕਸ ਚੌਥੇ ਤੋਂ ਸੱਤਵੇਂ ਸਥਾਨ ‘ਤੇ ਖਿਸਕ ਗਿਆ ਹੈ। ਮਸੂਦ 14 ਸਥਾਨਾਂ ਦੇ ਸੁਧਾਰ ਨਾਲ 19ਵੇਂ ਜਦਕਿ ਕ੍ਰਿਸ ਵੋਕਸ 18 ਸਥਾਨਾਂ ਦੇ ਸੁਧਾਰ ਨਾਲ 78ਵੀਂ ਰੈਂਕਿੰਗ ‘ਤੇ ਪਹੁੰਚ ਗਿਆ ਹੈ।