ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਲਈ ‘ਕੈਪਟਨ’ ਵੱਲੋਂ 380 ਕਰੋੜ ਜਾਰੀ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੀਆਂ ਤਿਆਰੀਆਂ ਲਈ 380 ਕਰੋੜ ਰੁਪਏ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਬੈਠਕ ਵਿਚ 674 ਜੀ. ਡੀ. ਐੱਮ. ਓ., 283 ਮੈਡੀਕਲ ਅਫ਼ਸਰ (ਸਪੈਸ਼ਲਿਸਟ), 2000 ਸਟਾਫ਼ ਨਰਸ ਦੇ ਨਾਲ ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਚ 330 ਫੈਕਲਟੀ ਅਹੁਦੇ ਭਰਨ ਦੀ ਵੀ ਹਰੀ ਝੰਡੀ ਦਿੱਤੀ।
ਉਨ੍ਹਾਂ ਨੇ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਹੋਰ ਜ਼ਰੂਰੀ ਵਾਧੂ ਅਹੁਦਿਆਂ ਨੂੰ ਭਰਨ ਲਈ ਪ੍ਰਸਤਾਵ ਕੈਬਨਿਟ ਵਿਚ ਲਿਆਂਦਾ ਜਾਵੇ, ਜਿਸ ਨਾਲ ਖ਼ਾਲੀ ਅਹੁਦਿਆਂ ਨੂੰ ਛੇਤੀ ਤੋਂ ਛੇਤੀ ਭਰਿਆ ਜਾਵੇ। ਮੁੱਖ ਮੰਤਰੀ ਵੱਲੋਂ ਮਨਜ਼ੂਰ ਕੀਤੇ ਗਏ 380 ਕਰੋੜ ਰੁਪਏ ਪੀ. ਐੱਸ. ਏ. ਆਕਸੀਜਨ ਪਲਾਂਟਾਂ, ਐੱਮ. ਜੀ. ਪੀ. ਐੱਸ. ਲੋਡ ਐਹਾਂਸਮੈਂਟ ਅਤੇ ਪੈਕੇਜ ਸਬਸਟੇਸ਼ਨਾਂ, ਕਰਾਔਜੈਨਿਕ ਲਿਕਵਿਡ ਮੈਡੀਕਲ ਆਕਸੀਜਨ ਟੈਂਕਾਂ ਨਾਲ ਬੀ. ਐੱਲ. ਐੱਸ. ਐਬੂਲੈਂਸਾਂ ’ਤੇ ਖ਼ਰਚ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਪ੍ਰਤੀ ਦਿਨ ਘੱਟ-ਘੱਟ 40000 ਟੈਸਟਾਂ ਨਾਲ ਕਿਸੇ ਵੀ ਉਭਾਰ ਬਾਰੇ ਸਮੇਂ ’ਤੇ ਜਾਣਕਾਰੀ ਹਾਸਲ ਕਰਨ ਲਈ ਸਮਾਰਟ ਟੈਸਟਿੰਗ ਸ਼ੁਰੂ ਕਰਨਾ ਯਕੀਨੀ ਬਣਾਇਆ ਜਾਵੇ। ਮੁੱਖ ਸਕੱਤਰ ਵਿੰਨੀ ਮਹਾਜਨ ਨੇ ਮੀਟਿੰਗ ਵਿਚ ਜਾਣਕਾਰੀ ਦਿੱਤੀ ਕਿ ਫੰਡ ਅਤੇ ਆਕਸੀਜਨ ਪਲਾਂਟ ਜ਼ਰੂਰੀ ਤੌਰ ’ਤੇ ਉਪਲੱਬਧ ਕਰਵਾਏ ਗਏ ਹਨ ਤਾਂ ਜੋ ਕੋਈ ਵੀ ਕਮੀ ਨਾ ਆਉਣ ਦੇਣ ਨੂੰ ਯਕੀਨੀ ਬਣਾਇਆ ਜਾਵੇ।