ਤਿਰੁਵਨੰਤਪੁਰਮ :ਕੇਰਲ ਦੇ ਕਾਸਰਗੋੜ ਅਤੇ ਪਾਲਘਾਟ ਦੇ 15 ਲੋਕ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਹਨ। ਸ਼ੱਕ ਹੈ ਕਿ ਇਹ ਪੜੇ-ਲਿਖੇ ਲੋਕ ਸੀਰੀਆ ਜਾ ਕੇ ਆਈ.ਐਸ.ਆਈ.ਐਸ. ਵਿੱਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੀ.ਐਮ. ਕੋਲ ਸ਼ਿਕਾਇਤ ਦਰਜ ਕਰਵਾ, ਉਨ੍ਹਾਂ ਦੀ ਭਾਲ ਕਰਨ ਦੀ ਗੁਹਾਰ ਲਾਈ ਹੈ। ਇੱਕ ਵਿਅਕਤੀ ਬਾਰੇ ਮਿਲੀ ਜਾਣਕਾਰੀ ਮੁਤਾਬਿਕ ਉਹ ਹੱਜ ਕਰਨ ਦੀ ਗੱਲ ਕਹਿ ਕੇ ਘਰ ਤੋਂ ਗਿਆ ਸੀ।
ਜਾਣਕਾਰੀ ਮੁਤਾਬਕ 8 ਜੂਨ ਤੋਂ ਲਾਪਤਾ ਇਨ੍ਹਾਂ 15 ਲੋਕਾਂ ਵਿੱਚੋਂ 11 ਕਾਸਰਗੋਡ ਜਦਕਿ 4 ਪਾਲਘਾਟ ਦੇ ਰਹਿਣ ਵਾਲੇ ਹਨ। ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਲਾਪਤਾ ਨੌਜਵਾਨ ਦੇ ਦੋਸਤ ਦੇ ਮੋਬਾਇਲ ਤੇ ਮੈਸੇਜ ਆਇਆ ਹੈ, ਜਿਸ ਵਿੱਚ ਆਈ.ਐਸ. ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਉਹ ਆਪਣੀ ਮੰਜਲ ਤੇ ਪਹੁੰਚ ਗਏ ਹਨ।
ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਲਾਪਤਾ ਲੋਕ ਇੱਕ ਹੀ ਫੋਨ ਤੋਂ ਆਪਣੇ ਪਰਿਵਾਰਾਂ ਨਾਲ ਸੰਪਰਕ ਕਰ ਰਹੇ ਹਨ। ਸੂਤਰਾਂ ਦੇ ਮੁਤਾਬਕ ਲਾਪਤਾ ਹੋਣ ਵਾਲੇ ਨੌਜਵਾਨਾਂ ਵਿੱਚ ਇੱਕ ਡਾਕਟਰ ਹੈ ਜੋ ਆਪਣੀ ਪਤਨੀ ਅਤੇ ਦੋ ਬੱਚਿਆ ਨਾਲ ਹੱਜ ਤੇ ਗਿਆ ਸੀ। ਇੱਕ ਕੰਪਯੂਟਰ ਇੰਜੀਨਿਅਰ ਹੈ। ਮੁੱਖਮੰਤਰੀ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਨ੍ਹਾਂ ਸਾਰੇ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਨੇ ਸੀ.ਐਮ. ਪਿਨਰਾਈ ਵਿਜਯਨ ਨਾਲ ਮੁਲਾਕਾਤ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਜੇਕਰ ਉਹ ਆਪਣੀ ਗਲਤੀ ਮੰਨ ਕੇ ਵਾਪਿਸ ਆ ਜਾਂਦੇ ਹਨ ਤਾਂ ਪਰਿਵਾਰ ਵਾਲੇ ਉਨ੍ਹਾਂ ਨੂੰ ਸਵੀਕਾਰ ਕਰ ਲੈਣਗੇ, ਨਹੀਂ ਤਾਂ ਉਨ੍ਹਾਂ ਦੀਆਂ ਲਾਸ਼ਾਂ ਵੀ ਨਹੀਂ ਲੈਣਗੇ।















